Amrik Sukhdev: ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਰਹਿੰਦੇ ਹੋ ਜਾਂ ਪੰਜਾਬ ਤੋਂ ਦਿੱਲੀ ਵੱਲ ਜਾਂਦੇ ਰਹਿੰਦੇ ਹੋ ਤਾਂ ਤੁਸੀਂ ਹਰਿਆਣਾ ਦੇ ਮੂਰਥਲ ਵਿੱਚ ਅਮਰੀਕ ਸੁਖਦੇਵ ਢਾਬੇ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇੱਥੇ ਲੋਕ ਦੂਰ-ਦੂਰ ਤੋਂ ਪਰਾਠਿਆਂ ਦਾ ਸੁਆਦ ਲੈਣ ਲਈ ਆਉਂਦੇ ਹਨ। ਬਹੁਤ ਸਾਰੇ ਲੋਕ ਕੁਲਹੜ ਚਾਹ ਪੀਣ ਲਈ ਦੇਰ ਰਾਤ ਢਾਬੇ 'ਤੇ ਜਾਂਦੇ ਹਨ। ਐਨਐਚ-44 'ਤੇ ਸਥਿਤ ਇਹ ਢਾਬਾ ਹੁਣ ਸਿਰਫ਼ ਖਾਣ-ਪੀਣ ਦੀ ਜਗ੍ਹਾ ਤੋਂ ਅੱਗੇ ਵਧ ਗਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਇਸ ਢਾਬੇ ਦੀ ਪਛਾਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ। ਸਥਿਤੀ ਅਜਿਹੀ ਹੈ ਕਿ ਦਿਨ ਵੇਲੇ ਹੀ ਨਹੀਂ, ਸਗੋਂ ਦੇਰ ਰਾਤ ਨੂੰ ਵੀ ਢਾਬੇ 'ਤੇ ਭੀੜ ਹੁੰਦੀ ਹੈ। ਹੁਣ ਇਹ ਸਪੱਸ਼ਟ ਹੈ ਕਿ ਗਾਹਕਾਂ ਦੀ ਗਿਣਤੀ ਜਿੰਨੀ ਜ਼ਿਆਦਾ ਵਧੇਗੀ, ਰੈਸਟੋਰੈਂਟ ਓਨਾ ਹੀ ਜ਼ਿਆਦਾ ਮੁਨਾਫ਼ਾ ਕਮਾਏਗਾ। ਅੱਜ, ਭਾਵੇਂ ਅਮਰੀਕ ਸੁਖਦੇਵ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸੜਕ ਕਿਨਾਰੇ ਛੋਟੇ ਜਿਹੇ ਢਾਬੇ ਤੋਂ ਹੀ ਸ਼ੁਰੂ ਹੋਇਆ ਸੀ।
ਦਰਅਸਲ ਰੌਕੀ ਸੱਗੂ ਕੈਪੀਟਲ ਨਾਮ ਦੇ ਇੱਕ ਇੰਸਟਾਗ੍ਰਾਮ ਨਿਰਮਾਤਾ, ਜੋ ਰੀਅਲ ਅਸਟੇਟ ਤੇ ਕਾਰੋਬਾਰ ਨਾਲ ਸਬੰਧਤ ਕੰਟੈਂਟ ਤਿਆਰ ਕਰਦਾ ਹੈ, ਨੇ ਹਾਲ ਹੀ ਵਿੱਚ ਅਮਰੀਕ ਸੁਖਦੇਵ ਦੇ ਸਫ਼ਰ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਰੌਕੀ ਨੇ ਇਸ ਵੀਡੀਓ ਵਿੱਚ ਕਿਹਾ, ਅੱਜ ਹਰ ਰੋਜ਼ 5,000 ਤੋਂ 10,000 ਲੋਕ ਅਮਰੀਕ ਸੁਖਦੇਵ ਢਾਬੇ ਉਪਰ ਖਾਣਾ ਖਾਣ ਆਉਂਦੇ ਹਨ। ਇਸ ਲਈ ਉਨ੍ਹਾਂ ਕੋਲ ਲਗਪਗ 500 ਕਰਮਚਾਰੀਆਂ ਦੀ ਇੱਕ ਵੱਡੀ ਟੀਮ ਹੈ। ਅੱਜ ਇਹ ਰੈਸਟੋਰੈਂਟ ਸਾਲਾਨਾ ਲਗਪਗ 100 ਕਰੋੜ ਰੁਪਏ ਕਮਾਉਂਦਾ ਹੈ।
ਦੱਸ ਦਈਏ ਕਿ 1956 ਵਿੱਚ ਸਰਦਾਰ ਪ੍ਰਕਾਸ਼ ਸਿੰਘ ਨੇ ਮੂਰਥਲ ਵਿੱਚ ਇੱਕ ਛੋਟਾ ਜਿਹਾ ਢਾਬਾ ਸ਼ੁਰੂ ਕੀਤਾ ਸੀ ਜਿੱਥੇ ਆਮ ਤੌਰ 'ਤੇ ਸਿਰਫ ਹਾਈਵੇਅ ਤੋਂ ਲੰਘਣ ਵਾਲੇ ਟਰੱਕ ਡਰਾਈਵਰ ਹੀ ਖਾਣਾ ਖਾਣ ਆਉਂਦੇ ਸਨ। 1990 ਵਿੱਚ ਉਨ੍ਹਾਂ ਦੇ ਦੋਵੇਂ ਪੁੱਤਰ ਅਮਰੀਕ ਤੇ ਸੁਖਦੇਵ ਵੀ ਇਸ ਕਾਰੋਬਾਰ ਵਿੱਚ ਸ਼ਾਮਲ ਹੋ ਗਏ ਤੇ ਆਪਣੇ ਪਿਤਾ ਦੀ ਕੰਮ ਵਿੱਚ ਮਦਦ ਕਰਨ ਲੱਗ ਪਏ। ਹੌਲੀ-ਹੌਲੀ ਮੀਨੂ ਵਿੱਚ ਹੋਰ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਤੇ ਕਾਰੋਬਾਰ ਵੀ ਵਧਣ ਲੱਗਾ।
ਪਹਿਲਾਂ ਇੱਥੇ ਟਰੱਕ ਡਰਾਈਵਰਾਂ ਨੂੰ ਮੁਫਤ ਜਾਂ ਬਹੁਤ ਘੱਟ ਦਰ 'ਤੇ ਭੋਜਨ ਪਰੋਸਿਆ ਜਾਂਦਾ ਸੀ। ਇਸ ਨਾਲ ਇਸ ਦੀ ਪਛਾਣ ਵਧੀ ਤੇ ਗਾਹਕਾਂ ਦਾ ਵਿਸ਼ਵਾਸ ਵੀ ਵਧਿਆ। ਇੱਥੇ ਖਾਸ ਗੱਲ ਇਹ ਹੈ ਕਿ ਢਾਬੇ ਵਿੱਚ ਭੋਜਨ ਦੀ ਗੁਣਵੱਤਾ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਰੈਸਟੋਰੈਂਟ ਮਾਲਕ ਖੁਦ ਭੋਜਨ ਦਾ ਸੁਆਦ ਵੇਖਦਾ ਹੈ ਕਿ ਇਸ ਦਾ ਸੁਆਦ ਕਿਵੇਂ ਹੈ ਤੇ ਇਸ ਦੀ ਗੁਣਵੱਤਾ ਕੀ ਹੈ। ਇਸ ਸਭ ਦਾ ਨਤੀਜਾ ਹੈ ਕਿ ਅੱਜ ਅਮਰੀਕ ਸੁਖਦੇਵ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਇੱਕ ਪ੍ਰਸਿੱਧ ਰੈਸਟੋਰੈਂਟ ਹੈ। ਇਸ ਸਾਲ ਜਨਵਰੀ ਵਿੱਚ ਇਸ ਨੂੰ ਟੇਸਟ ਐਟਲਸ ਦੁਆਰਾ 'ਦੁਨੀਆ ਦੇ 100 ਸਭ ਤੋਂ ਮਸ਼ਹੂਰ ਰੈਸਟੋਰੈਂਟਾਂ' ਦੀ ਸੂਚੀ ਵਿੱਚ ਸਥਾਨ ਮਿਲਿਆ।