ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਲਾੜਾ ਬਾਰਾਤ ਲੈ ਕੇ ਗਾਜੇ -ਵਾਜੇ ਦੇ ਨਾਲ ਆਪਣੀ ਹੋਣ ਵਾਲੀ ਦੁਲਹਣ ਦੇ ਘਰ ਪਹੁੰਚਿਆ ਪਰ ਵਰਮਾਲਾ ਤੋਂ ਪਹਿਲਾਂ ਹੀ ਲੜਕੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲਾੜਾ ਇਹ ਅਪਮਾਨ ਬਰਦਾਸ਼ਤ ਨਾ ਕਰ ਸਕਿਆ ਅਤੇ ਘਰ ਆ ਕੇ ਉਸ ਨੇ ਜ਼ਹਿਰ ਖਾ ਲਿਆ। ਹਾਲਤ ਵਿਗੜਨ ਤੋਂ ਬਾਅਦ ਲਾੜੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ।


 

ਦਰਅਸਲ 'ਚ ਜਦੋਂ ਲਾੜਾ ਘੋੜੀ 'ਤੇ ਸਵਾਰ ਹੋ ਕੇ ਰਾਏਬਰੇਲੀ 'ਚ ਆਪਣੀ ਲਾੜੀ ਦੇ ਘਰ ਪਹੁੰਚਿਆ ਤਾਂ ਉਥੇ ਬਾਰਾਤੀਆਂ ਨੇ ਬੜੀ ਧੂਮ-ਧਾਮ ਨਾਲ ਸਵਾਗਤ ਕੀਤਾ। ਹਾਸੇ ਅਤੇ ਖੁਸ਼ੀ ਦਾ ਮਾਹੌਲ ਸੀ ਅਤੇ ਕੁਝ ਸਮੇਂ ਬਾਅਦ ਸਟੇਜ 'ਤੇ ਵਰਮਾਲਾ ਦਾ ਪ੍ਰੋਗਰਾਮ ਸੀ। ਹਾਲਾਂਕਿ ਇਸ ਦੌਰਾਨ ਮੌਕਾ ਪਾ ਕੇ ਲਾੜੀ ਆਪਣੇ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ। ਇਹ ਘਟਨਾ ਗੜਾਗੰਜ ਥਾਣਾ ਖੇਤਰ ਦੇ ਆਸਨੰਦਪੁਰ ਪਿੰਡ ਦੀ ਹੈ।

ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲਾੜੀ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਧਰੇ ਨਹੀਂ ਮਿਲੀ। ਕੁਝ ਸਮੇਂ ਬਾਅਦ ਜਦੋਂ ਬਾਰਾਤ ਨੂੰ ਲਾੜੀ ਦੇ ਲਾਪਤਾ ਹੋਣ ਦਾ ਪਤਾ ਲੱਗਾ ਤਾਂ ਹਫੜਾ-ਦਫੜੀ ਮਚ ਗਈ ਅਤੇ ਬਾਰਾਤ ਬਿਨਾਂ ਲਾੜੀ ਤੋਂ ਲਾੜੇ ਨਾਲ ਵਾਪਸ ਆ ਗਈ। ਇਸ ਤੋਂ ਬਾਅਦ ਸਦਮੇ 'ਚ ਘਰ ਪਹੁੰਚੇ ਲਾੜੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਲਾੜੇ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ। ਹੁਣ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਰਿਪੋਰਟ ਮੁਤਾਬਕ ਅਸਾਨੰਦਪੁਰ ਦੇ ਰਹਿਣ ਵਾਲੇ ਰਾਮਨਰੇਸ਼ ਦੀ ਬੇਟੀ ਦਾ ਬੁੱਧਵਾਰ ਨੂੰ ਵਿਆਹ ਸੀ। ਬਾਰਾਤ ਦੇ ਆਉਣ ਤੋਂ ਬਾਅਦ ਵਰਮਾਲਾ ਤੋਂ ਪਹਿਲਾਂ ਹੀ ਲਾੜੀ ਆਪਣੇ ਪ੍ਰੇਮੀ ਮੁੰਨਾ ਸਮੇਤ ਅਚਾਨਕ ਗਾਇਬ ਹੋ ਗਈ। ਲਾੜੀ ਦੇ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦੀ ਸੂਚਨਾ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬਾਰਾਤ ਵਾਲਿਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ।

ਲਾੜੀ ਦੇ ਰਿਸ਼ਤੇਦਾਰਾਂ ਨੇ ਮਾਮਲੇ ਦੀ ਸੂਚਨਾ ਗੜਾਗੰਜ ਥਾਣੇ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਪਰ ਲਾੜੀ ਦਾ ਕਿਤੇ ਪਤਾ ਨਹੀਂ ਲੱਗਾ। ਅਖੀਰ ਲਾੜਾ ਅਜੈ ਬਾਰਾਤ ਲੈ ਕੇ ਵਾਪਸ ਚਲਾ ਗਿਆ। ਘਰ ਪਹੁੰਚ ਕੇ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਘਟਨਾ ਸਬੰਧੀ ਲੜਕੀ ਦੇ ਪਿਤਾ ਰਾਮ ਨਰੇਸ਼ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਲੜਕੀ ਭੱਜ ਗਈ ਸੀ। ਇਹ ਘਟਨਾ 28 ਜੂਨ ਦੀ ਹੈ। ਮੁਲਜ਼ਮ ਮੁੰਨਾ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।