ਕੈਨੇਡਾ ‘ਚ ਪਈ ਭਿਆਨਕ ਬਰਫ਼ਬਾਰੀ ਨੇ ਹਾਈਵੇ ਨੂੰ ਖਤਰਨਾਕ “ਗਲਾਸਫਲੋਰ” ਵਾਂਗ ਬਣਾ ਦਿੱਤਾ। ਸੜਕ ਇੰਨੀ ਬਰਫ਼ ਨਾਲ ਜੰਮੀ ਹੋਈ ਸੀ ਕਿ ਗੱਡੀਆਂ ਸੜਕ ‘ਤੇ ਨਹੀਂ, ਸਿੱਧੀਆਂ ਸਕੇਟਿੰਗ ਰਿੰਕ ‘ਚ ਫਿਸਲਦੀਆਂ ਹੋਈਆਂ ਲੱਗ ਰਹੀਆਂ ਸਨ। ਬ੍ਰੇਕ ਲਗਾਉਣ ‘ਤੇ ਵੀ ਪਹੀਏ ਨਹੀਂ ਰੁਕੇ, ਸਟੀਅਰਿੰਗ ਫੜਕੇ ਵੀ ਗੱਡੀਆਂ ਕਾਬੂ ‘ਚ ਨਹੀਂ ਆਈਆਂ ਅਤੇ ਕੁਝ ਮਿੰਟਾਂ ‘ਚ ਹੀ ਹਾਈਵੇ ‘ਤੇ ਦਰਜਨਾਂ ਵਾਹਨ ਇੱਕ-ਦੂਜੇ ਨਾਲ ਟਕਰਾਉਂਦੇ ਚਲੇ ਗਏ।

Continues below advertisement

ਤੇਜ਼ ਬਰਫ਼ਬਾਰੀ ਅਤੇ ਕੜਾਕੇ ਦੀ ਠੰਡ ਕਾਰਨ ਸੜਕ ਪੂਰੀ ਤਰ੍ਹਾਂ ਜੰਮ ਚੁੱਕੀ ਸੀ, ਜਿਸ ਕਰਕੇ ਥੋੜ੍ਹੀ ਜਿਹੀ ਵੀ ਰਫ਼ਤਾਰ ਜਾਨ ਦੇ ਖਤਰੇ ਵਰਗੀ ਬਣ ਗਈ। ਕੁਝ ਕਾਰਾਂ ਤਾਂ ਇੰਝ ਫਿਸਲਦੀਆਂ ਆਈਆਂ ਜਿਵੇਂ ਕਿਸੇ ਨੇ ਧੱਕਾ ਮਾਰ ਕੇ ਢਲਾਣ ‘ਤੇ ਛੱਡ ਦਿੱਤਾ ਹੋਵੇ। ਦੂਰ–ਦੂਰ ਤੱਕ ਟਕਰਾਈਆਂ ਗੱਡੀਆਂ ਦੀ ਲੜੀ, ਬਰਫ਼ ਵਿੱਚ ਜੰਮੇ ਪਹੀਏ ਅਤੇ ਫਸੇ ਹੋਏ ਲੋਕਾਂ ਦਾ ਮੰਜਰ ਵੇਖ ਕੇ ਹਰ ਕੋਈ ਦਹਿਲ ਜਾਵੇ।

ਹਾਈਵੇ ‘ਤੇ ਬਰਫ਼ ਕਾਰਨ ਇੱਕ–ਦੂਜੇ ਨਾਲ ਟਕਰਾਈਆਂ ਗੱਡੀਆਂ

Continues below advertisement

ਕੈਨੇਡਾ ਤੋਂ ਆਇਆ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਡੀਓ ‘ਚ ਵੱਖ-ਵੱਖ ਪਲ ਦਿਖਦੇ ਹਨ ਜਿੱਥੇ ਲਗਾਤਾਰ ਬਰਫ਼ਬਾਰੀ ਕਾਰਨ ਹਾਈਵੇ ਪੂਰੀ ਤਰ੍ਹਾਂ ਸਫ਼ੈਦ ਚਾਦਰ ਨਾਲ ਢੱਕ ਚੁੱਕਾ ਹੈ। ਬਰਫ਼ ਇੰਨੀ ਸਖ਼ਤ ਅਤੇ ਫਿਸਲਣ ਵਾਲੀ ਹੈ ਕਿ ਗੱਡੀਆਂ ਦੇ ਟਾਇਰ ਸੜਕ ‘ਤੇ ਗ੍ਰਿਪ ਬਣਾਉਣ ‘ਚ ਬਿਲਕੁਲ ਨਾਕਾਮ ਦਿੱਖ ਰਹੇ ਹਨ।

ਜਿਵੇਂ ਹੀ ਕੋਈ ਵਾਹਨ ਹਾਈਵੇ ‘ਤੇ ਆ ਰਿਹਾ ਹੈ, ਉਸ ‘ਤੇ ਕਾਬੂ ਹੌਲੀ–ਹੌਲੀ ਖ਼ਤਮ ਹੋ ਰਿਹਾ ਹੈ ਅਤੇ ਵਾਹਨ ਇੱਕ-ਇੱਕ ਕਰਕੇ ਇੱਕ–ਦੂਜੇ ਨਾਲ ਟਕਰਾਉਂਦੇ ਜਾ ਰਹੇ ਹਨ। ਬ੍ਰੇਕ ਲਾਉਣ ‘ਤੇ ਪਹੀਏ ਤਾਂ ਲੌਕ ਹੋ ਰਹੇ ਹਨ ਪਰ ਗੱਡੀ ਰੁਕਦੀ ਹੀ ਨਹੀਂ। ਕਈ ਵਾਹਨ ਹੌਲੇ ਹੋਣ ਦੀ ਕੋਸ਼ਿਸ਼ ਵੀ ਕਰਦੇ ਦਿੱਖੇ, ਪਰ ਫਿਸਲਣ ਇੰਨੀ ਜ਼ਿਆਦਾ ਸੀ ਕਿ ਕਾਰਾਂ ਸਿੱਧੀਆਂ ਉਛਲ ਕੇ ਦੂਜੀ ਲੇਨ ‘ਚ ਜਾ ਵੜੀਆਂ।

ਐਕਸੀਡੈਂਟ ਤੋਂ ਬਾਅਦ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ

ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹਾਈਵੇ ਦੇ ਦੋਵੇਂ ਪਾਸਿਆਂ ਵਾਹਨਾਂ ਦੀ ਲੰਬੀ ਕਤਾਰ ਲੱਗ ਚੁੱਕੀ ਹੈ। ਜਗ੍ਹਾ–ਜਗ੍ਹਾ ਟਰੱਕ, ਕਾਰਾਂ ਅਤੇ ਵੈਨ ਇੱਕ–ਦੂਜੇ ਨਾਲ ਟਕਰਾਉਂਦੀਆਂ ਹੋਈਆਂ ਸੜਕ ‘ਤੇ ਤਿਰਛੀਆਂ ਪਈਆਂ ਹਨ। ਕੁਝ ਗੱਡੀਆਂ ਪੂਰੀ ਤਰ੍ਹਾਂ ਸਾਇਡਵਾਲ ਨਾਲ ਜਾ ਲੱਗੀਆਂ, ਜਦਕਿ ਕਈ ਬਰਫ਼ ਵਿੱਚ ਅੱਧੀਆਂ ਧਸੀਆਂ ਪਈਆਂ ਹਨ।

ਸੋਸ਼ਲ ਮੀਡੀਆ ‘ਤੇ ਆ ਰਹੀਆਂ ਜਾਣਕਾਰੀਆਂ ਮੁਤਾਬਕ, ਇਹ ਘਟਨਾ ਕੈਨੇਡਾ ਦੇ ਇੱਕ ਮਹੱਤਵਪੂਰਨ ਹਾਈਵੇ ‘ਤੇ ਵਾਪਰੀ, ਜਿੱਥੇ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਸੀ। ਤਾਪਮਾਨ ਜ਼ੀਰੋ ਤੋਂ ਕਾਫ਼ੀ ਹੇਠਾਂ ਜਾਣ ਨਾਲ ਸੜਕ ‘ਤੇ ਜੰਮੀ ਬਰਫ਼ ਕੱਚ ਵਾਂਗ ਫਿਸਲਣ ਵਾਲੀ ਹੋ ਗਈ, ਜਿਸ ਕਰਕੇ ਵਾਹਨ ਕਾਬੂ ਤੋਂ ਬਾਹਰ ਹੁੰਦੇ ਚਲੇ ਗਏ।

ਯੂਜ਼ਰਾਂ ਨੇ ਉਠਾਏ ਸਵਾਲ

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਈ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਲੋਕ ਪੁੱਛ ਰਹੇ ਹਨ ਕਿ ਇੰਨੀ ਖਤਰਨਾਕ ਸਥਿਤੀ ਵਿੱਚ ਵਾਹਨਾਂ ਨੂੰ ਹਾਈਵੇ ‘ਤੇ ਆਉਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਗਏ ਸਨ? ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿੱਚ ਪਹਿਲਾਂ ਤੋਂ ਹੀ ਅਲਰਟ ਜਾਰੀ ਕਰਨਾ ਚਾਹੀਦਾ ਸੀ। ਕਈ ਹੋਰਾਂ ਨੇ ਡਰਾਈਵਰਾਂ ਨੂੰ ਸਲਾਹ ਦਿੱਤੀ ਕਿ ਬਰਫ਼ਬਾਰੀ ਦੇ ਦਿਨਾਂ ਵਿੱਚ ਸੜਕ ‘ਤੇ ਨਿਕਲਣ ਵੇਲੇ ਵਧੇਰੇ ਸਾਵਧਾਨ ਰਹਿਣ। ਇਹ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ।