ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਲਤੂ ਬਿੱਲੀ ਚੱਲ ਰਹੀ ਵਾਸ਼ਿੰਗ ਮਸ਼ੀਨ ਦੇ ਡਰਮ ਵਿੱਚ ਕਈ ਮਿੰਟ ਤੱਕ ਫਸੀ ਰਹੀ, ਪਰ ਇਸ ਦੇ ਬਾਵਜੂਦ ਉਸ ਨੂੰ ਵੱਡਾ ਨੁਕਸਾਨ ਨਹੀਂ ਹੋਇਆ। ਬਿੱਲੀ ਨੂੰ ਸਿਰਫ਼ ਕੁਝ ਮਾਮੂਲੀ ਸੱਟਾਂ ਆਈਆਂ ਹਨ।
5 ਦਸੰਬਰ ਨੂੰ ਈਸਟ ਚੀਨ ਦੇ ਜਿਆੰਗਸੂ ਸ਼ਹਿਰ ਦੀ ਰਹਿਣ ਵਾਲੀ ਬਿੱਲੀ ਦੀ ਮਾਲਕਣ ਨੇ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਬਿੱਲੀ ਦੀ ਮਾਲਕਣ ‘ਤੇ ਬਿੱਲੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਗਾਏ।
ਪੂਰਾ ਮਾਮਲਾ ਕੀ ਹੈ?
ਜਿੰਤਿਆਓ ਨਾਮ ਦੀ ਬਿੱਲੀ ਦੀ ਮਾਲਕਣ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਕੱਢ ਰਹੀ ਸੀ, ਤਾਂ ਉਸ ਨੇ ਆਪਣੀ ਪਾਲਤੂ ਬਿੱਲੀ ਨੂੰ ਵਾਸ਼ਿੰਗ ਮਸ਼ੀਨ ਦੇ ਅੰਦਰ ਵੇਖਿਆ ਅਤੇ ਹੈਰਾਨ ਰਹਿ ਗਈ। ਬਿੱਲੀ 10 ਮਿੰਟ ਤੋਂ ਵੱਧ ਸਮੇਂ ਤੱਕ ਮਸ਼ੀਨ ਦੇ ਅੰਦਰ ਹੀ ਘੁੰਮਦੀ ਰਹੀ।
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਮਸ਼ੀਨ ਤੋਂ ਬਾਹਰ ਨਿਕਲਣ ਤੋਂ ਬਾਅਦ ਬਿੱਲੀ ਪੂਰੀ ਤਰ੍ਹਾਂ ਭਿੱਜੀ ਹੋਈ ਸੀ ਅਤੇ ਬੁਰੀ ਤਰ੍ਹਾਂ ਕੰਬ ਰਹੀ ਸੀ। ਉਹ ਲੜਖੜਉਂਦੇ ਦੀ ਹੋਈ ਆਪਣੀ ਮਾਲਕਣ ਵੱਲ ਆਉਂਦੀ ਨਜ਼ਰ ਆ ਰਹੀ ਸੀ। ਉਸ ਦੀ ਨੱਕ ਲਾਲ ਸੀ। ਮਹਿਲਾ ਨੇ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਬਿੱਲੀ ਨੂੰ ਸੱਟ ਲੱਗੀ ਹੈ ਜਾਂ ਨਹੀਂ, ਇਸ ਲਈ ਉਸ ਨੇ ਬਿੱਲੀ ਨੂੰ ਛੂਹਣ ਦੀ ਹਿੰਮਤ ਨਹੀਂ ਕੀਤੀ।
ਹੁਣ ਬਿੱਲੀ ਪੂਰੀ ਤਰ੍ਹਾਂ ਠੀਕ ਹੈ
ਘਟਨਾ ਤੋਂ ਦੋ ਦਿਨ ਬਾਅਦ ਜਿੰਤਿਆਓ ਬਿੱਲੀ ਦੀ ਮਾਲਕਣ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਬਿੱਲੀ ਸਿਹਤਮੰਦ ਅਤੇ ਖੇਡਦੀ–ਕੁੱਦਦੀ ਨਜ਼ਰ ਆਈ। ਬਿੱਲੀ ਨੂੰ ਸਿਰਫ਼ ਪੰਜਿਆਂ ‘ਤੇ ਕੁਝ ਮਾਮੂਲੀ ਸੱਟਾਂ ਆਈਆਂ ਸਨ, ਜੋ ਸਾਫ਼ ਕਰਨ ਅਤੇ ਸੁਕਾਉਣ ਤੋਂ ਬਾਅਦ ਠੀਕ ਹੋ ਗਈਆਂ।
ਇਸ ਮਾਮਲੇ ਤੋਂ ਸਬਕ ਲੈਂਦੇ ਹੋਏ ਜਿੰਤਿਆਓ ਦੀ ਮਾਲਕਣ ਨੇ ਫੈਸਲਾ ਕੀਤਾ ਹੈ ਕਿ ਅੱਗੇ ਤੋਂ ਵਾਸ਼ਿੰਗ ਮਸ਼ੀਨ ਵਰਤਦੇ ਸਮੇਂ ਉਹ ਖ਼ਾਸ ਧਿਆਨ ਰੱਖੇਗੀ।
ਚੀਨ ਵਿੱਚ ਪਹਿਲਾਂ ਵੀ ਵਾਸ਼ਿੰਗ ਮਸ਼ੀਨ ਵਿੱਚ ਫਸੀ ਬਿੱਲੀਆਂ
ਬਿੱਲੀ ਦੇ ਵਾਸ਼ਿੰਗ ਮਸ਼ੀਨ ਵਿੱਚ ਫਸਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਜਿਆੰਗਸੂ ਦੀ ਇੱਕ ਮਹਿਲਾ ਨੇ ਦੱਸਿਆ ਸੀ ਕਿ ਉਸ ਦੀ ਪਾਲਤੂ ਬਿੱਲੀ ਗਲਤੀ ਨਾਲ 15 ਮਿੰਟ ਲਈ ਵਾਸ਼ਿੰਗ ਮਸ਼ੀਨ ਵਿੱਚ ਫਸੀ ਰਹਿ ਗਈ ਸੀ। ਇਸ ਤੋਂ ਬਾਅਦ ਮਾਲਕਣ ਨੇ ਬਿੱਲੀ ‘ਤੇ ਤਦ ਤੱਕ ਨਜ਼ਰ ਬਣਾਈ ਰੱਖੀ, ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਈ।
ਉੱਥੇ ਹੀ ਪੂਰਬੀ ਸ਼ਾਂਡੋਂਗ ਪ੍ਰਾਂਤ ਦੀ ਇੱਕ ਹੋਰ ਮਹਿਲਾ ਨੇ ਦੱਸਿਆ ਕਿ ਵਾਸ਼ਿੰਗ ਮਸ਼ੀਨ ਵਿੱਚ ਫਸਣ ਤੋਂ ਬਾਅਦ ਉਸ ਦੀ ਬਿੱਲੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਇਸ ਘਟਨਾ ਤੋਂ ਬਾਅਦ ਬਿੱਲੀ ਨੂੰ ਲੀਵਰ ਅਤੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਹੋ ਗਈਆਂ ਸਨ।