ਅੱਜ ਦੇ ਯੁੱਗ ਵਿੱਚ ਜਿੱਥੇ ਹਰ ਕੋਈ ਸਮਾਰਟਫ਼ੋਨ ਅਤੇ ਡਿਜੀਟਲ ਉਪਕਰਨਾਂ ਨਾਲ ਚਿਪਕਿਆ ਹੋਇਆ ਹੈ, ਉੱਥੇ ਹੀ ਦੱਖਣੀ ਕੋਰੀਆ ਨੇ ਮੋਬਾਈਲ ਦੀ ਲਤ ਤੋਂ ਛੁਟਕਾਰਾ ਪਾਉਣ ਦਾ ਇੱਕ ਅਨੋਖਾ ਤਰੀਕਾ ਲੱਭਿਆ ਹੈ। ਹਰ ਸਾਲ ਇੱਥੇ ਇਕ ਅਨੋਖਾ ਮੁਕਾਬਲਾ ਹੁੰਦਾ ਹੈ, ਜਿਸ ਨੂੰ 'ਸਪੇਸ ਆਊਟ' ਕਿਹਾ ਜਾਂਦਾ ਹੈ।


ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ 90 ਮਿੰਟ ਤੱਕ ਕੁਝ ਨਹੀਂ ਕਰਨਾ ਪੈਂਦਾ। ਹਾਂ, ਕੋਈ ਗੱਲਬਾਤ ਨਹੀਂ, ਕੋਈ ਅੰਦੋਲਨ ਨਹੀਂ ਤੇ ਕਿਸੇ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਨਹੀਂ। ਇਸ ਦੌਰਾਨ ਮੁਕਾਬਲੇਬਾਜ਼ਾਂ ਨੂੰ ਚੁੱਪਚਾਪ ਬੈਠਣਾ ਹੁੰਦਾ ਹੈ ਤੇ ਆਪਣੇ ਦਿਲ ਦੀ ਧੜਕਣ ਨੂੰ ਕਾਬੂ ਵਿੱਚ ਰੱਖਣਾ ਹੁੰਦਾ ਹੈ।






'ਸਪੇਸ ਆਊਟ' ਮੁਕਾਬਲੇ 'ਚ ਦਿਲ ਦੀ ਗਤੀ ਦੀ ਨਿਗਰਾਨੀ ਦੇ ਆਧਾਰ 'ਤੇ ਜੇਤੂ ਦੀ ਚੋਣ ਕੀਤੀ ਜਾਂਦੀ ਹੈ ਜਿਸ ਪ੍ਰਤੀਯੋਗੀ ਦੇ ਦਿਲ ਦੀ ਧੜਕਨ ਸਭ ਤੋਂ ਸਥਿਰ ਰਹਿੰਦੀ ਹੈ, ਉਹ ਇਸ ਮੁਕਾਬਲੇ ਦਾ ਜੇਤੂ ਬਣ ਜਾਂਦਾ ਹੈ। ਇਸ ਸਮਾਗਮ ਦਾ ਉਦੇਸ਼ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨਾ ਤੇ ਉਨ੍ਹਾਂ ਨੂੰ ਡਿਜੀਟਲ ਦੁਨੀਆ ਤੋਂ ਕੁਝ ਰਾਹਤ ਦੇਣਾ ਹੈ।



ਕਿਉਂ ਹੋ ਰਿਹਾ ਇਹ ਮੁਕਾਬਲਾ ਵਾਇਰਲ ?


ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜਿੱਥੇ ਲੋਕ ਕੁਝ ਪਲਾਂ ਲਈ ਵੀ ਆਪਣੇ ਫ਼ੋਨ ਤੋਂ ਦੂਰ ਨਹੀਂ ਰਹਿ ਪਾ ਰਹੇ ਹਨ, ਉੱਥੇ ਇਹ ਮੁਕਾਬਲਾ ਲੋਕਾਂ ਨੂੰ ਸਿਮਰਨ ਤੇ ਸ਼ਾਂਤੀ ਦੀ ਸ਼ਕਤੀ ਸਿਖਾਉਣ ਦਾ ਜ਼ਰੀਆ ਹੈ। ਇਸ ਅਨੋਖੀ ਘਟਨਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਹ ਇਸ ਨੂੰ ਹੋਰ ਦੇਸ਼ਾਂ ਵਿੱਚ ਵੀ ਆਯੋਜਿਤ ਕਰਨ ਦੀ ਮੰਗ ਕਰ ਰਹੇ ਹਨ।


ਦੱਖਣੀ ਕੋਰੀਆ ਆਪਣੇ ਸਖ਼ਤ ਕੰਮ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ, 2023 ਵਿੱਚ ਸਰਕਾਰ ਨੇ ਹਫਤਾਵਾਰੀ ਕੰਮਕਾਜੀ ਸਮਾਂ ਸੀਮਾ ਨੂੰ ਵਧਾ ਕੇ 69 ਘੰਟੇ ਕਰਨ ਦੀ ਤਜਵੀਜ਼ ਰੱਖੀ, ਜਿਸ ਕਾਰਨ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਤੇ ਆਖਰਕਾਰ ਸਰਕਾਰ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :