Two scissors in patients-body: ਰਾਜਸਥਾਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਪਰਿਵਾਰ ਨੇ ਜੈਪੁਰ ਦੇ ਫੋਰਟਿਸ ਹਸਪਤਾਲ ਉੱਤੇ ਦਿਲ ਦੀ ਸਰਜਰੀ ਦੌਰਾਨ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ ਤੇ ਦਾਅਵਾ ਕੀਤਾ ਹੈ ਕਿ ਡਾਕਟਰਾਂ ਨੇ ਸਰੀਰ ਵਿੱਚ ਸਰਜੀਕਲ ਕੈਂਚੀਆਂ ਛੱਡ ਦਿੱਤੀਆਂ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।



ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਪਰੇਸ਼ਨ ਤੋਂ ਬਾਅਦ ਮਰੀਜ਼ ਦੀ ਸਿਹਤ ਲਗਾਤਾਰ ਵਿਗੜਦੀ ਗਈ ਤੇ 12 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਪਰਿਵਾਰ ਸਸਕਾਰ ਤੋਂ ਬਾਅਦ ਫੁੱਲ ਚੁਗ ਰਿਹਾ ਸੀ ਤਾਂ ਸਰਜੀਕਲ ਕੈਂਚੀਆਂ ਮਿਲੀਆਂ। ਪਰਿਵਾਰ ਨੇ ਹਸਪਤਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਝੂਠ ਬੋਲ ਰਹੇ ਹਨ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੁਣ ਹਸਪਤਾਲ ਦੇ ਖਿਲਾਫ ਜਵਾਹਰ ਸਰਕਲ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਹਿਰ ਦੇ ਮਾਨਸਰੋਵਰ ਇਲਾਕੇ ਦੇ ਰਹਿਣ ਵਾਲੇ ਉਪੇਂਦਰ ਸ਼ਰਮਾ (74) ਦੇ ਪੁੱਤਰ ਕਮਲ ਨੇ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ 29 ਮਈ ਨੂੰ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਸੀ।

30 ਮਈ ਨੂੰ ਰਾਤ ਕਰੀਬ 8.30 ਵਜੇ ਉਸ ਦੇ ਪਿਤਾ ਨੂੰ ਅਪਰੇਸ਼ਨ ਲਈ ਲਿਜਾਇਆ ਗਿਆ। ਉਸ ਨੂੰ ਕਰੀਬ ਡੇਢ ਵਜੇ ਬਾਹਰ ਲਿਆਂਦਾ ਗਿਆ। ਉਸ ਨੂੰ 31 ਮਈ ਦੀ ਸ਼ਾਮ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪੁੱਤਰ ਨੇ ਦੋਸ਼ ਲਾਇਆ ਕਿ ਘਰ ਲਿਆਉਣ ਤੋਂ ਦੋ ਦਿਨ ਬਾਅਦ ਪਿਤਾ ਦੀ ਸਿਹਤ ਵਿਗੜਣ ਲੱਗੀ। ਡਾਕਟਰਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ 'ਚ ਕੁਝ ਸਮਾਂ ਲੱਗੇਗਾ।

ਇਸੇ ਦੌਰਾਨ 12 ਜੂਨ ਨੂੰ ਸਿਹਤ ਵਿਗੜਨ ਲੱਗੀ ਤੇ ਰਾਤ 8.30 ਵਜੇ ਮੌਤ ਹੋ ਗਈ। ਅਗਲੇ ਦਿਨ ਮਹਾਰਾਣੀ ਫਾਰਮ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। 15 ਜੂਨ ਦੀ ਸਵੇਰ ਨੂੰ ਜਦੋਂ ਕਮਲ ਸ਼ਮਸ਼ਾਨਘਾਟ ਗਿਆ ਤਾਂ ਫੁੱਲ ਚੁਗਣ ਵੇਲੇ ਸਰਜੀਕਲ ਕੈਂਚੀਆਂ ਦਾ ਜੋੜਾ ਮਿਲਿਆ।

ਕਮਲ ਦਾ ਕਹਿਣਾ ਹੈ ਕਿ ਇਹ ਸਰਜੀਕਲ ਕੈਂਚੀ ਦਿਲ ਦੇ ਨੇੜੇ ਉਸੇ ਦਿਸ਼ਾ ਵਿੱਚ ਪਾਈ ਗਈ ਸੀ ਜਿਸ ਵਿੱਚ ਪਿਤਾ ਨੂੰ ਰੱਖਿਆ ਗਿਆ ਸੀ। ਫੋਰਟਿਸ ਹਸਪਤਾਲ ਜੈਪੁਰ ਦੇ ਜ਼ੋਨਲ ਡਾਇਰੈਕਟਰ ਨੀਰਵ ਬਾਂਸਲ ਨੇ ਕਿਹਾ ਕਿ ਪਰਿਵਾਰ ਦਾ ਦਾਅਵਾ ਝੂਠਾ, ਬੇਬੁਨਿਆਦ ਤੇ ਬਦਨਾਮ ਕਰਨ ਵਾਲਾ ਹੈ।