Famous YouTuber: ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਪਸ਼ੂਆਂ ਦੀ ਸੰਭਾਲ ਕਰਨ ਵਾਲੇ ਤੇ ਸਮਾਜਸੇਵੀ ਮੁਰਲੀਵਾਲੇ ਹੌਸਲਾ ਨੂੰ ਕਿੰਗ ਕੋਬਰਾ ਨੇ ਕੱਟ ਲਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇਕ ਜਾਲ ਵਿੱਚ ਫਸੇ ਹੋਏ, ਦਰਦ ਨਾਲ ਤੜਪ ਰਹੇ ਕੋਬਰਾ ਸਾਪ ਨੂੰ ਬਚਾਉਣ ਪਹੁੰਚੇ ਸਨ।

ਰੈਸਕਿਊ ਕਰਦੇ ਸਮੇਂ ਕੋਬਰੇ ਨੇ ਉਨ੍ਹਾਂ ਨੂੰ ਡੰਕ ਮਾਰ ਦਿੱਤਾ। ਫੌਰਨ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੁਰਲੀਵਾਲੇ ਹੌਸਲਾ (Murliwale Hausla) ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ।

ਮੰਗਲਵਾਰ ਨੂੰ ਉਹ ਜਲਾਲਪੁਰ ਥਾਣਾ ਖੇਤਰ ਦੇ ਹਰੀਪੁਰ ਚਕਤਾਲੀ ਪਿੰਡ ਵਿੱਚ ਕੋਬਰਾ ਨੂੰ ਬਚਾਉਣ ਗਏ ਸਨ। ਕੋਬਰਾ ਇੱਕ ਜਾਲ ਵਿੱਚ ਫਸ ਗਿਆ ਸੀ। ਜਦੋਂ ਮੁਰਲੀਵਾਲੇ ਹੌਸਲਾ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਅਚਾਨਕ ਗੁੱਸੇ ਵਿੱਚ ਆ ਕੇ ਸਾਪ ਨੇ ਉਨ੍ਹਾਂ ਦੇ ਹੱਥ ਵਿੱਚ ਕੱਟ ਲਾਇਆ।

ਇਸ ਘਟਨਾ ਤੋਂ ਬਾਅਦ ਵੀ ਮੁਰਲੀਵਾਲੇ ਹੌਸਲਾ ਨੇ ਆਪਣਾ ਕੰਮ ਨਹੀਂ ਰੋਕਿਆ। ਲੋਕਾਂ ਨੂੰ ਸਾਪ ਤੋਂ ਬਚਾਉਣ ਲਈ ਉਨ੍ਹਾਂ ਨੇ ਪਹਿਲਾਂ ਸਾਪ ਨੂੰ ਫੜਿਆ। ਇਸ ਦੌਰਾਨ ਉਨ੍ਹਾਂ ਦੀ ਤਬੀਅਤ ਵੀ ਬਿਗੜਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।

ਇੱਕ ਦਰਜਨ ਐਂਟੀ ਸਨੈਕ ਵੈਨਮ ਇੰਜੈਕਸ਼ਨ ਲਗੇ

ਮੁਰਲੀਵਾਲੇ ਹੌਸਲਾ ਨੂੰ ਹਸਪਤਾਲ ਲਿਜਾਣ ਵਿੱਚ ਲਗਭਗ 40 ਮਿੰਟ ਦੀ ਦੇਰੀ ਹੋਈ, ਜਿਸ ਕਾਰਨ ਉਨ੍ਹਾਂ ਦੀ ਹਾਲਤ ਹੋਰ ਵੀ ਗੰਭੀਰ ਹੋ ਗਈ। ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਆਈ.ਸੀ.ਯੂ. (ICU) ’ਚ ਦਾਖਲ ਕਰਵਾਇਆ ਗਿਆ।

ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੇ ਸਰੀਰ ਵਿਚ ਜ਼ਹਿਰ ਕਾਫੀ ਫੈਲ ਚੁੱਕਾ ਸੀ, ਜਿਸ ਨੂੰ ਕਾਬੂ ਕਰਨ ਲਈ ਉਨ੍ਹਾਂ ਨੂੰ 12 ਐਂਟੀ ਸਨੈਕ ਵੈਨਮ ਦੇ ਇੰਜੈਕਸ਼ਨ ਲਗਾਉਣੇ ਪਏ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਦੱਸਣਯੋਗ ਗੱਲ ਹੈ ਕਿ ਮੁਰਲੀਵਾਲੇ ਹੌਸਲਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ। ਉਨ੍ਹਾਂ ਦਾ ਅਸਲ ਨਾਮ ਮੁਰਲੀਧਰ ਹੌਸਲਾ ਹੈ। ਉਨ੍ਹਾਂ ਦੇ ਯੂਟਿਊਬ 'ਤੇ 15.8 ਮਿਲੀਅਨ ਫਾਲੋਅਰ, ਫੇਸਬੁੱਕ 'ਤੇ 5.5 ਮਿਲੀਅਨ ਅਤੇ ਇੰਸਟਾਗ੍ਰਾਮ 'ਤੇ 2.5 ਮਿਲੀਅਨ ਫਾਲੋਅਰ ਹਨ।

ਉਹ ਹੁਣ ਤੱਕ 8000 ਤੋਂ ਵੱਧ ਸਾਪਾਂ ਦਾ ਰੈਸਕਿਊ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਵੀ 2 ਵਾਰੀ ਸਾਪ ਡੱਸ ਚੁੱਕੇ ਹਨ। ਸਿਰਫ਼ ਸਾਪ ਫੜਨ ਹੀ ਨਹੀਂ, ਉਹ ਗਰੀਬਾਂ ਦੀ ਮਦਦ ਵੀ ਕਰਦੇ ਹਨ। ਉਨ੍ਹਾਂ ਕੋਲ ਇੱਕ ਪੂਰੀ ਟੀਮ ਹੈ ਜਿਸ ਨਾਲ ਮਿਲ ਕੇ ਉਹ ਇਹ ਕੰਮ ਕਰਦੇ ਹਨ।