ਪੂਰਬੀ ਦਿੱਲੀ ਦੇ ਸ਼ਕਰਪੁਰ ਥਾਣੇ ਦੀ ਪੁਲਸ ਨੇ ਡੇਟਿੰਗ ਐਪ (ਟਿੰਡਰ) ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੀ ਲੜਕੀ ਅਤੇ ਬਲੈਕ ਮਿਰਰ ਕੈਫੇ ਦੇ ਮਾਲਕ ਅਕਸ਼ੈ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤ ਲੜਕੇ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਡੇਟਿੰਗ ਐਪ ਰਾਹੀਂ ਵਰਸ਼ਾ ਨਾਂ ਦੀ ਔਰਤ ਨਾਲ ਦੋਸਤੀ ਕੀਤੀ ਸੀ।
ਵਰਸ਼ਾ ਨੇ ਨੌਜਵਾਨ ਨੂੰ ਵਿਕਾਸ ਮਾਰਗ 'ਤੇ ਸਥਿਤ ਬਲੈਕ ਮਿਰਰ ਕੈਫੇ 'ਚ ਮਿਲਣ ਲਈ ਬੁਲਾਇਆ। ਜਿੱਥੇ ਉਨ੍ਹਾਂ ਨੇ ਸਨੈਕਸ ਆਰਡਰ ਕੀਤਾ ਅਤੇ ਇਸ ਤੋਂ ਬਾਅਦ ਲੜਕੀ ਫੈਮਲੀ ਪ੍ਰੋਬਲਮ ਦਾ ਕਹਿਕੇ ਬਿਨਾਂ ਦੱਸੇ ਕੈਫੇ ਤੋਂ ਚਲੇ ਗਈ।
ਲੜਕੀ ਦੇ ਜਾਣ ਤੋਂ ਬਾਅਦ ਕੈਫੇ ਮੈਨੇਜਰ ਨੇ 1 ਲੱਖ 22 ਹਜ਼ਾਰ ਰੁਪਏ ਦਾ ਬਿੱਲ ਪੇਸ਼ ਕੀਤਾ। ਜਦੋਂ ਲੜਕੇ ਨੇ ਕਿਹਾ ਕਿ ਬਿੱਲ ਜ਼ਿਆਦਾ ਹੈ ਤਾਂ ਕੈਫੇ ਦੇ ਲੋਕਾਂ ਨੇ ਲੜਕੇ ਨੂੰ ਜ਼ਬਰਦਸਤੀ ਬਿੱਲ ਭਰਨ ਲਈ ਕਿਹਾ ਅਤੇ ਉਸ ਨੂੰ ਉੱਥੇ ਬਿਠਾ ਲਿਆ। ਡਰ ਦੇ ਮਾਰੇ ਲੜਕੇ ਨੇ ਬਿੱਲ ਦੀ ਰਕਮ ਆਨਲਾਈਨ ਅਦਾ ਕਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਕਿੰਨਾ ਵੱਡਾ ਧੋਖਾ ਹੋਇਆ ਹੈ।
ਪੀੜਤ ਲੜਕੇ ਨੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਥਾਣਾ ਸ਼ਕਰਪੁਰ ਦੀ ਪੁਲਸ ਨੂੰ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਕਈ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬਲੈਕ ਮਿਰਰ ਕੈਫੇ ਦੇ ਮਾਲਕ ਅਕਸ਼ੈ ਨੂੰ ਗ੍ਰਿਫਤਾਰ ਕਰ ਲਿਆ ਹੈ। ਅਕਸ਼ੈ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਟਿੰਡਰ ਐਪ ਰਾਹੀਂ ਲੋਕਾਂ ਨੂੰ ਠੱਗਦਾ ਹੈ।
ਅਕਸ਼ੈ ਦੀ ਸੂਚਨਾ 'ਤੇ ਪੁਲਸ ਨੇ ਕ੍ਰਿਸ਼ਨਾ ਨਗਰ ਸਥਿਤ ਇਕ ਕੈਫੇ ਤੋਂ ਔਰਤ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਮੁੰਬਈ ਦੇ ਇਕ ਲੜਕੇ ਨਾਲ ਕੈਫੇ 'ਚ ਬੈਠੀ ਸੀ। ਲੜਕੀ ਦੀ ਪਛਾਣ ਵਰਸ਼ਾ ਉਰਫ ਅਫਸਾਨ ਪਰਵੀਨ ਉਰਫ ਆਇਸ਼ਾ ਉਰਫ ਨੂਰ ਅਤੇ ਅਕਸ਼ੈ ਪਾਹਵਾ ਵਜੋਂ ਹੋਈ ਹੈ।
ਮੁਲਜ਼ਮ ਲੜਕੀ ਕ੍ਰਿਸ਼ਨਾ ਨਗਰ, ਦਿੱਲੀ ਵਿੱਚ ਰਹਿੰਦੀ ਹੈ ਅਤੇ ਪਹਿਲਾਂ ਟਿੰਡਰ ਐਪ ਰਾਹੀਂ ਮਾਸੂਮ ਲੜਕਿਆਂ ਨੂੰ ਫਸਾਉਂਦੀ ਹੈ ਅਤੇ ਫਿਰ ਧੋਖਾਧੜੀ ਕਰਦੀ ਹੈ। ਪੁਲਸ ਪੁੱਛਗਿੱਛ ਦੌਰਾਨ ਲੜਕੀ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਗੈਂਗ 'ਚ ਕਈ ਲੋਕ ਸ਼ਾਮਲ ਹਨ। ਜੋ ਲੋਕਾਂ ਨੂੰ ਠੱਗਦੇ ਹਨ। ਕੁੜੀ ਨੂੰ ਧੋਖਾਧੜੀ ਦੇ ਪੈਸੇ ਦਾ 15% ਅਤੇ ਪ੍ਰਬੰਧਕ ਨੂੰ 45% ਮਿਲਦਾ ਹੈ।
ਬਾਕੀ 40% ਕੈਫੇ ਮਾਲਕ ਨੂੰ ਦਿੱਤਾ ਜਾਂਦਾ ਹੈ। ਦੋਸ਼ੀ ਔਰਤ ਨੇ ਦੱਸਿਆ ਕਿ ਉਹ ਡੇਟਿੰਗ ਐਪ ਰਾਹੀਂ ਲੋਕਾਂ ਨੂੰ ਧੋਖਾ ਦੇਣ ਲਈ ਕੈਫੇ 'ਚ ਲੈ ਜਾਂਦੀ ਹੈ ਅਤੇ ਖਾਣ-ਪੀਣ ਦੇ ਨਾਂ 'ਤੇ ਲੋਕਾਂ ਤੋਂ ਮੋਟੀ ਰਕਮ ਲੈਂਦੀ ਹੈ। ਇਨ੍ਹਾਂ ਦਾ ਕਾਲਾ ਕਾਰੋਬਾਰ ਦਿੱਲੀ ਐਨਸੀਆਰ ਦੇ ਨਾਲ-ਨਾਲ ਮੁੰਬਈ, ਬੈਂਗਲੁਰੂ, ਚੰਡੀਗੜ੍ਹ ਅਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਵਿੱਚ ਚੱਲ ਰਿਹਾ ਹੈ।