Viral Video: ਨੋਇਡਾ ਦੀਆਂ ਰਿਹਾਇਸ਼ੀ ਸੁਸਾਇਟੀਆਂ ਜੰਗ ਦੇ ਅਖਾੜੇ ਵਾਂਗ ਬਣ ਗਈਆਂ ਹਨ। ਹਰ ਰੋਜ਼ ਇੱਥੇ ਕਿਸੇ ਨਾ ਕਿਸੇ ਲੜਾਈ ਜਾਂ ਜ਼ੁਬਾਨੀ ਬਹਿਸ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਇੱਕ ਨਵੀਂ ਵੀਡੀਓ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ ਵਿੱਚ ਇੱਕ ਔਰਤ ਸੁਸਾਇਟੀ ਦੇ ਪ੍ਰਧਾਨ ਦੀ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨੋਇਡਾ ਸੈਕਟਰ 75 ਦੇ ਏਮਜ਼ ਗੋਲਫ ਐਵੇਨਿਊ ਸੁਸਾਇਟੀ ਵਿੱਚ ਵਾਪਰੀ ਹੈ।
ਹਾਸਲ ਜਾਣਕਾਰੀ ਮੁਤਾਬਕ ਇਹ ਸਾਰਾ ਵਿਵਾਦ ਲਾਪਤਾ ਕੁੱਤੇ ਦਾ ਪੋਸਟਰ ਹਟਾਉਣ ਨੂੰ ਲੈ ਕੇ ਸ਼ੁਰੂ ਹੋਇਆ। ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੇ ਲਾਪਤਾ ਕੁੱਤੇ ਦਾ ਪੋਸਟਰ ਸੁਸਾਇਟੀ ਦੇ ਪ੍ਰਧਾਨ ਨੇ ਹਟਾ ਦਿੱਤਾ ਹੈ। ਇਸ ਸਾਧਾਰਨ ਗੱਲ 'ਤੇ ਔਰਤ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਤੇ ਉਸ ਨੇ ਜਨਤਕ ਤੌਰ 'ਤੇ ਪ੍ਰਧਾਨ ਦਾ ਕਾਲਰ ਫੜ ਲਿਆ ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਪ੍ਰਧਾਨ ਦਾ ਕਾਲਰ ਕਿੰਨੀ ਮਜ਼ਬੂਤੀ ਨਾਲ ਫੜਿਆ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਿਲਾ ਨੇ ਨਾ ਸਿਰਫ ਪ੍ਰਧਾਨ ਦਾ ਕਾਲਰ ਫੜਿਆ, ਸਗੋਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਥੱਪੜ ਵੀ ਮਾਰਿਆ ਤੇ ਉਨ੍ਹਾਂ ਦੇ ਵਾਲ ਵੀ ਖਿੱਚੇ।
ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਨੇ ਮਹਿਲਾ ਤੋਂ ਸਿਰਫ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਕਿਤੇ ਵੀ ਉਸ ਨੇ ਹੱਥ ਚੁੱਕ ਕੇ ਔਰਤ ਦੇ ਥੱਕੇ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ ਔਰਤ ਨੂੰ ਮੌਕਾ ਮਿਲਦੇ ਹੀ ਉਸ 'ਤੇ ਵਾਰ-ਵਾਰ ਹਮਲਾ ਕਰਦੇ ਦੇਖਿਆ ਗਿਆ। ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਵੀਡੀਓ 'ਚ ਲਾਲ ਟੀ-ਸ਼ਰਟ 'ਚ ਨਜ਼ਰ ਆ ਰਹੀ ਔਰਤ ਦਾ ਨਾਂ ਆਸ਼ੀ ਸਿੰਘ ਹੈ। ਜਦਕਿ ਪ੍ਰਧਾਨ ਦਾ ਨਾਂ ਨਵੀਨ ਮਿਸ਼ਰਾ ਹੈ।
ਵਡੀਓ ਵਿੱਚ ਨਵੀਨ ਵਾਰ-ਵਾਰ ਔਰਤ ਨੂੰ ਠੀਕ ਤਰ੍ਹਾਂ ਨਾਲ ਗੱਲ ਕਰਨ ਲਈ ਕਹਿੰਦਾ ਹੈ ਪਰ ਔਰਤ ਦੁਰਵਿਹਾਰ ਕਰਨ ਤੋਂ ਨਹੀਂ ਹਟਦੀ। ਉਹ ਲਗਾਤਾਰ ਉਸ ਦਾ ਕਾਲਰ ਫੜੀ ਰੱਖਦੀ ਹੈ। ਉਹ ਪੁਲਿਸ ਨੂੰ ਬੁਲਾਉਣ ਦੀ ਧਮਕੀ ਵੀ ਦਿੰਦੀ ਹੈ। ਵੀਡੀਓ 'ਚ ਨਵੀਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਮੈਂ ਤਾਂ ਕੁੱਤੇ ਦਾ ਪੋਸਟਰ ਹੀ ਹਟਾਇਆ, ਇਸ 'ਚ ਤੁਹਾਨੂੰ ਕੀ ਦਿੱਕਤ ਹੈ।" ਇਹ ਸੁਣਦੇ ਹੀ ਔਰਤ ਨੂੰ ਗੁੱਸਾ ਆ ਗਿਆ ਤੇ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਥੇ ਮੌਜੂਦ ਲੋਕ ਦਖਲ ਦੇਣ ਲਈ ਆ ਗਏ ਪਰ ਫਿਰ ਵੀ ਔਰਤ ਨਵੀਨ ਨਾਲ ਹੱਥੋਪਾਈ ਕਰਦੀ ਰਹੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।