Banke Bihari Mandir: ਵਿਗਿਆਨ ਦੇ ਯੁੱਗ ਵਿੱਚ ਵੀ ਭਾਰਤ ਅੰਦਰ ਧਰਮ ਦੇ ਨਾਂ ਉਪਰ ਅੰਧਵਿਸ਼ਵਾਸ਼ ਦਾ ਬੋਲਬਾਲਾ ਹੈ। ਜੇਕਰ ਇਸ ਬਾਰੇ ਕੁਝ ਬੋਲਦਾ ਹੈ ਤਾਂ ਉਸ ਦੀ ਖੈਰ ਨਹੀਂ। ਇਸ ਲਈ ਸਮਝਦਾਰ ਲੋਕ ਵੀ ਚੁੱਪ ਵਿੱਚ ਹੀ ਭਲੀ ਸਮਝਦੇ ਹਨ ਪਰ ਕਈ ਵਾਰ ਅਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਦੀ ਖੂਬ ਚਰਚਾ ਹੁੰਦੀ ਹੈ। ਹੁਣ ਅਜਿਹਾ ਹੀ ਮਾਮਲਾ ਵਰਿੰਦਾਵਨ ਦੇ ਮਸ਼ਹੂਰ ਬਾਂਕੇ ਬਿਹਾਰੀ ਮੰਦਰ ਦਾ ਹੈ।
ਦਰਅਸਲ ਬਾਂਕੇ ਬਿਹਾਰੀ ਮੰਦਰ ਵਿਖੇ ਹਰ ਰੋਜ਼ ਕ੍ਰਿਸ਼ਨ ਦੇ ਭਗਤਾਂ ਦੀ ਆਮਦ ਹੁੰਦੀ ਹੈ। ਸ਼ਰਧਾਲੂ ਸ਼ਰਧਾ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਹ ਏਸੀ ਦੇ ਪਾਣੀ ਨੂੰ ਕ੍ਰਿਸ਼ਨ ਦੇ ਚਰਨਾਂ ਦਾ ਪਾਣੀ ਸਮਝ ਕੇ ਪੀ ਰਹੇ ਹਨ। ਇੱਕ ਵਲੌਗਰ ਨੇ ਇਸ ਸੱਚਾਈ ਦਾ ਖੁਲਾਸਾ ਕੀਤਾ ਹੈ।
ਦੱਸ ਦਈਏ ਕਿ ਇਸ ਸੱਚਾਈ ਨੂੰ ਉਜਾਗਰ ਕਰਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬਾਂਕੇ ਬਿਹਾਰੀ ਮੰਦਰ ਦੀ ਬਾਹਰਲੀ ਕੰਧ 'ਤੇ ਹਾਥੀ ਦੇ ਮੂੰਹ ਦਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਉਸ ਦੇ ਮੂੰਹ 'ਚੋਂ ਪਾਣੀ ਨਿਕਲ ਰਿਹਾ ਹੈ। ਬਾਂਕੇ ਬਿਹਾਰੀ ਮੰਦਰ 'ਚ ਆਏ ਸ਼ਰਧਾਲੂ ਹਾਥੀ ਦੇ ਮੂੰਹ 'ਚੋਂ ਨਿਕਲਦੇ ਪਾਣੀ ਨੂੰ ਗਲਾਸ 'ਚ ਪਾ ਕੇ ਪੀ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਾਣੀ ਕ੍ਰਿਸ਼ਨ ਦੇ ਪੈਰਾਂ 'ਚੋਂ ਆ ਰਿਹਾ ਹੈ ਪਰ ਵਲੌਗਰ ਨੇ ਖੁਲਾਸਾ ਕੀਤਾ ਹੈ ਕਿ ਇਹ ਕ੍ਰਿਸ਼ਨਾ ਦੇ ਪੈਰਾਂ 'ਚੋਂ ਨਹੀਂ ਸਗੋਂ ਏਸੀ ਤੋਂ ਆ ਰਿਹਾ ਹੈ।
ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸੋਚਣ ਲਈ ਮਜਬੂਰ ਕਰਦੀ ਹੈ ਕਿ ਭਾਰਤ ਵਿੱਚ ਲੋਕ ਧਰਮ ਦੇ ਨਾਂ 'ਤੇ ਕਿਵੇਂ ਅੰਧਵਿਸ਼ਵਾਸ਼ਾਂ ਵਿੱਚ ਘਿਰੇ ਹੋਏ ਹਨ। ਇੱਥੇ ਉਨ੍ਹਾਂ ਨੇ ਇਹ ਪਤਾ ਲਗਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਇਹ ਪਾਣੀ ਕਿੱਥੋਂ ਆ ਰਿਹਾ ਹੈ। ਇਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ- ਪਾਗਲਾਂ ਦੀ ਫੌਜ, ਪੰਡਿਤਾਂ ਦੀ ਮੌਜ। ਇੱਕ ਹੋਰ ਵਿਅਕਤੀ ਨੇ ਲਿਖਿਆ- ਭਗਤ ਸੰਡਾਸ ਦਾ ਪਾਣੀ ਵੀ ਪੀ ਲੈਣਗੇ, ਨੋ ਡਾਊਟ। ਤੀਜੇ ਵਿਅਕਤੀ ਨੇ ਲਿਖਿਆ- ਜਦੋਂ ਭਗਤ ਪਿਸ਼ਾਬ ਪੀ ਸਕਦੇ ਹਨ ਤਾਂ AC ਵਾਲਾ ਪਾਣੀ ਪੀਣ ਵਿੱਚ ਕੀ ਸਮੱਸਿਆ। ਇੱਕ ਯੂਜਰ ਨੇ ਵਿਅੰਗਮਈ ਢੰਗ ਨਾਲ ਕਿਹਾ- ਇਹ ਭਾਰਤ ਵਿੱਚ ਹੀ ਦੇਖਿਆ ਜਾ ਸਕਦਾ ਹੈ।