Guinness world record living underwater 100 days: ਯੂਨੀਵਰਸਟੀ ਆਫ ਸਾਊਥ ਫਲੋਰੀਡਾ ਦੇ ਪ੍ਰੋਫੈਸਰ ਜੋਸਫ ਡਿਟੂਰੀ ਨੇ ਇੱਕ ਅਜਿਹਾ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਤੋੜਨ ਲਈ ਕਿਸੇ ਦਾ ਵੀ ਹੌਸਲਾ ਪਸਤ ਹੋ ਸਕਦਾ ਹੈ। ਅਮਰੀਕੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਜੋਸਫ ਨੇ 100 ਦਿਨ ਪਾਣੀ ਦੇ ਅੰਦਰ ਰਹਿਣ ਦਾ ਰਿਕਾਰਡ ਬਣਾਇਆ ਹੈ। ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ 100 ਦਿਨ ਪਾਣੀ ਹੇਠਾਂ ਰਹਿਣ ਨਾਲ ਉਸ ਦੀ ਉਮਰ 10 ਸਾਲ ਵਧ ਗਈ ਹੈ।



ਹਾਸਲ ਜਾਣਕਾਰੀ ਮੁਤਾਬਕ ਡਿਟੂਰੀ ਨੇ ਇਹ 100 ਦਿਨ ਫਲੋਰੀਡਾ ਕੀਜ਼ ਵਿੱਚ ਸਕੂਬਾ ਡਾਇਵਰਸ ਲਾਜ ਵਿੱਚ ਬਿਤਾਏ। ਪਹਿਲੀ ਮਾਰਚ ਨੂੰ ਉਸ ਨੇ ਸਮੁੰਦਰ ਤੋਂ 30 ਫੁੱਟ ਹੇਠਾਂ ਰਹਿਣ ਦਾ ਫੈਸਲਾ ਕੀਤਾ। ਜਿਸ ਲਾਜ ਵਿੱਚ ਉਹ ਠਹਿਰਿਆ ਹੋਇਆ ਸੀ, ਉਸ ਦਾ ਖੇਤਰਫਲ 55 ਵਰਗ ਮੀਟਰ ਸੀ। ਜੋਸਫ ਨੇ ਆਪਣੇ 100 ਦਿਨਾਂ ਦੇ ਮਿਸ਼ਨ ਨੂੰ ਪੂਰੇ ਜੋਸ਼ ਨਾਲ ਸ਼ੁਰੂ ਕੀਤਾ, ਜੋ 9 ਜੂਨ ਨੂੰ ਖਤਮ ਹੋਇਆ।


 







ਜੋਸਫ਼ 9 ਜੂਨ ਨੂੰ ਆਪਣਾ ਮਿਸ਼ਨ ਪੂਰਾ ਕਰਕੇ ਪਾਣੀ ਵਿੱਚੋਂ ਬਾਹਰ ਆਇਆ। 55 ਸਾਲਾ ਬਾਇਓਮੈਡੀਕਲ ਇੰਜੀਨੀਅਰ ਨੇ ਪਿਛਲੇ ਮਹੀਨੇ ਯਾਨੀ 13 ਮਈ (2023) ਨੂੰ ਪਹਿਲਾ ਰਿਕਾਰਡ ਨਵਾਂ ਰਿਕਾਡਰ ਬਣਾਇਆ, ਜਦੋਂ ਉਸ ਨੇ ਬਰੂਸ ਕੈਂਟਰੇਲ ਤੇ ਜੈਸਿਕਾ ਫੇਨ ਦੁਆਰਾ ਬਣਾਇਆ ਗਿਆ 73 ਦਿਨ ਤੇ 2 ਘੰਟੇ ਦਾ 'ਲਿਵਿੰਗ ਅੰਡਰਵਾਟਰ' ਗਿਨੀਜ਼ ਰਿਕਾਰਡ ਤੋੜਿਆ। ਉਸ ਨੇ ਆਪਣੇ 74 ਦਿਨ ਪਾਣੀ ਵਿੱਚ ਪੂਰੇ ਕੀਤੇ ਸਨ ਪਰ, ਜੋਸਫ਼ ਇਸ ਗੱਲ ਤੋਂ ਖ਼ੁਸ਼ ਨਹੀਂ ਸੀ। ਫਿਰ ਉਹ 100 ਦਿਨ ਪਾਣੀ ਦੇ ਹੇਠਾਂ ਰਿਹਾ ਤੇ 74 ਦਿਨਾਂ ਦਾ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ।


ਪੂਰਾ ਕੀਤਾ 'ਨੈਪਚੂਨ 100' ਮਿਸ਼ਨ 
ਡਿਟੂਰੀ ਨੇ ਦਾਅਵਾ ਕੀਤਾ ਕਿ ਉਸ ਦਾ ਉਦੇਸ਼ ਰਿਕਾਰਡ ਬਣਾਉਣਾ ਜਾਂ ਤੋੜਨਾ ਨਹੀਂ ਸੀ। ਉਹ ਸਿਰਫ਼ ਪਾਣੀ ਦੇ ਹੇਠਾਂ ਮਨੁੱਖੀ ਜੀਵਨ ਦੀ ਖੋਜ ਕਰਨਾ ਚਾਹੁੰਦਾ ਸੀ। ਉਹ ਜਾਣਨਾ ਚਾਹੁੰਦਾ ਸੀ ਕਿ ਲੰਬੇ ਸਮੇਂ ਤੱਕ ਪਾਣੀ ਦੇ ਹੇਠਾਂ ਰਹਿਣ ਨਾਲ ਮਨੁੱਖੀ ਸਰੀਰ 'ਤੇ ਕਿਸ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਹਨ? ਪਾਣੀ ਦੇ ਅੰਦਰ ਦੀ ਦੁਨੀਆਂ ਕਿਹੋ ਜਿਹੀ ਹੈ? ਇੱਥੇ ਮਾਹੌਲ ਕਿਹੋ ਜਿਹਾ ਹੈ? ਇੱਥੇ ਇਕੱਲੇ ਰਹਿਣ ਵਾਲਾ ਕਿਵੇਂ ਮਹਿਸੂਸ ਕਰਦਾ ਹੈ? ਪਾਣੀ ਦੇ ਹੇਠਾਂ ਰਹਿਣ ਨਾਲ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਜੋਸਫ਼ ਪਾਣੀ ਦੇ ਹੇਠਾਂ ਰਿਹਾ। ਹਾਲਾਂਕਿ, ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇੱਕ ਵੱਡਾ ਰਿਕਾਰਡ ਵੀ ਬਣਾ ਲਵੇਗਾ। ਜੋਸਫ ਨੇ ਆਪਣੇ ਪ੍ਰੋਜੈਕਟ ਦਾ ਨਾਂ 'ਨੈਪਚਿਊਨ 100' ਰੱਖਿਆ।


ਸਰੀਰ ਨੂੰ ਕਈ ਫਾਇਦੇ ਹੁੰਦੇ
ਜੋਸਫ ਨੂੰ ਪਾਣੀ ਦੇ ਹੇਠਾਂ ਰਹਿਣ ਦੇ ਕਈ ਫਾਇਦੇ ਹੋਏ ਹਨ। ਉਸ ਦਾ ਕੋਲੈਸਟ੍ਰੋਲ ਪੱਧਰ ਕਾਫੀ ਹੇਠਾਂ ਆ ਗਿਆ ਹੈ। ਸਰੀਰ ਦੀ ਸੋਜ ਘੱਟ ਗਈ ਹੈ। ਨੀਂਦ ਦੇ ਪੈਟਰਨ ਵਿੱਚ ਸੁਧਾਰ ਹੋਇਆ ਹੈ। ਯਾਨੀ ਉਸ ਨੂੰ ਹੁਣ ਚੰਗੀ ਤੇ ਪੂਰੀ ਨੀਂਦ ਆਉਂਦੀ ਹੈ। ਉਸ ਨੇ ਕਈ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਿਆ ਹੈ। ਇੰਨਾ ਹੀ ਨਹੀਂ, ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋਸਫ ਨੇ ਇਸ ਮਿਸ਼ਨ ਨੂੰ ਪੂਰਾ ਕਰਕੇ ਆਪਣੀ ਉਮਰ 10 ਸਾਲ ਵਧਾ ਲਈ ਹੈ।