Rajasthan News: ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਅਨੋਖੀ ਬਾਰਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਰੀਬ 51 ਟਰੈਕਟਰਾਂ 'ਤੇ ਸਵਾਰ ਹੋ ਕੇ ਲਾੜੀ ਦੇ ਪਿੰਡ ਲਈ ਨਿਕਲੀ ਬਾਰਾਤ ਸੜਕ 'ਤੇ ਕਰੀਬ 1 ਕਿਲੋਮੀਟਰ ਲੰਬੀ ਕਤਾਰ 'ਚ ਨਜ਼ਰ ਆਈ, ਜਿਸ 'ਚ ਲਾੜਾ ਖੁਦ ਟਰੈਕਟਰ ਚਲਾ ਕੇ ਆਪਣੇ ਸਹੁਰੇ ਘਰ ਜਾ ਰਿਹਾ ਸੀ। ਕਿਸੇ ਨੇ ਇਸ ਅਨੋਖੀ ਬਾਰਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਲਾੜੇ ਦੇ ਪਿਤਾ ਨੇ ਕਿਹਾ, ਮੇਰੇ ਵਿਆਹ 'ਚ ਬਾਰਾਤ ਇੱਕ ਟਰੈਕਟਰ 'ਤੇ ਗਈ ਸੀ। ਇਸ ਲਈ ਮੈਂ ਆਪਣੇ ਬੇਟੇ ਲਈ 51 ਟਰੈਕਟਰ ਲੈ ਕੇ ਆਇਆ ਹਾਂ।



200 ਤੋਂ ਵੱਧ ਬਾਰਾਤੀ, ਕਾਫਲਾ 15 ਕਿਲੋਮੀਟਰ ਚੱਲਿਆ ਕਾਫ਼ਲਾ 


ਬਾੜਮੇਰ ਦੇ ਗੁਦਾਮਲਾਨੀ ਪਿੰਡ ਦੇ ਰਹਿਣ ਵਾਲੇ ਪ੍ਰਕਾਸ਼ ਚੌਧਰੀ ਦਾ ਵਿਆਹ ਸੋਮਵਾਰ ਨੂੰ ਰੋਲੀ ਪਿੰਡ ਦੀ ਰਹਿਣ ਵਾਲੀ ਮਮਤਾ ਨਾਲ ਹੋਇਆ ਹੈ। ਸੋਮਵਾਰ ਸਵੇਰੇ ਪ੍ਰਕਾਸ਼ ਦੇ ਪਿੰਡ ਤੋਂ ਰੋਲੀ ਪਿੰਡ ਲਈ ਬਾਰਾਤ ਰਵਾਨਾ ਹੋਈ। ਬਾਰਾਤ ਨੂੰ ਕਰੀਬ 15 ਕਿਲੋਮੀਟਰ ਦੂਰ ਰੋਲੀ ਪਿੰਡ ਜਾਣਾ ਸੀ। ਬਾਰਾਤ  ਵਿੱਚ ਸ਼ਾਮਲ ਹੋਣ ਲਈ ਲਾੜੇ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ 200 ਤੋਂ ਵੱਧ ਬਾਰਾਤੀ ਮੌਜੂਦ ਸਨ। ਲਾੜੇ ਦੇ ਪਿਤਾ ਨੇ ਸਾਰਿਆਂ ਲਈ ਲਾੜੀ ਦੇ ਪਿੰਡ ਪਹੁੰਚਣ ਲਈ 51 ਟਰੈਕਟਰਾਂ ਦਾ ਪ੍ਰਬੰਧ ਕਰ ਰੱਖਿਆ ਸੀ। ਸਾਰੀ ਬਾਰਾਤ ਟਰੈਕਟਰਾਂ 'ਤੇ ਸਵਾਰ ਹੋ ਕੇ ਰਵਾਨਾ ਹੋਈ, ਜਿਸ ਨੂੰ ਹਰ ਕੋਈ 15 ਕਿਲੋਮੀਟਰ ਦੂਰ ਤੱਕ ਦੇਖਦਾ ਹੀ ਰਿਹਾ।


ਕਿਸਾਨ ਦੀ ਪਹਿਚਾਣ ਟਰੈਕਟਰ  
ਏਐਨਆਈ ਮੁਤਾਬਕ ਲਾੜੇ ਪ੍ਰਕਾਸ਼ ਚੌਧਰੀ ਨੇ ਕਿਹਾ ਕਿ ਮੇਰੇ ਪਰਿਵਾਰ ਦਾ ਮੁੱਖ ਪੇਸ਼ਾ ਖੇਤੀ ਹੈ। ਹਰ ਕੋਈ ਖੇਤੀ ਵਿੱਚ ਲੱਗਾ ਹੋਇਆ ਹੈ। ਟਰੈਕਟਰ ਨੂੰ ਕਿਸਾਨ ਦੀ ਪਛਾਣ ਮੰਨਿਆ ਜਾਂਦਾ ਹੈ। ਮੇਰੇ ਪਿਤਾ ਜੀ ਦੀ ਬਾਰਾਤ ਵੀ ਇੱਕ ਟਰੈਕਟਰ 'ਤੇ ਗਈ ਸੀ। ਇਸ ਲਈ ਸਾਰਿਆਂ ਨੇ ਸੋਚਿਆ ਕਿ ਇਸ ਵਾਰ ਮੇਰੀ ਬਾਰਾਤ ਲਈ 51 ਟਰੈਕਟਰਾਂ ਦਾ ਇੰਤਜ਼ਾਮ ਕਿਉਂ ਨਾ ਕੀਤਾ ਜਾਵੇ? 


ਪ੍ਰਕਾਸ਼ ਦੇ ਪਿਤਾ ਜੇਠਾਰਾਮ ਨੇ ਕਿਹਾ, ਮੇਰੇ ਪਿਤਾ ਅਤੇ ਦਾਦੇ ਦੀ ਬਾਰਾਤ ਊਠਾਂ 'ਤੇ ਨਿਕਲੀ ਸੀ। ਸਾਡੇ ਪਰਿਵਾਰ ਕੋਲ 20-30 ਦੇ ਕਰੀਬ ਟਰੈਕਟਰ ਹਨ। ਨਾਲ ਹੀ ਮੇਰੇ ਕਿਸਾਨ ਮਿੱਤਰਾਂ ਦੇ ਟਰੈਕਟਰ ਵੀ ਆ ਗਏ। ਮੈਂ ਉਹਨਾਂ ਵਿੱਚੋਂ 51 ਟਰੈਕਟਰਾਂ ਨੂੰ ਛਾਂਟ ਲਏ। ਸਵੇਰੇ ਜਦੋਂ ਬਾਰਾਤ ਨਿਕਲੀ ਤਾਂ 10-12 ਹੋਰ ਟਰੈਕਟਰ ਪਹੁੰਚ ਗਏ। ਬਾਰਾਤੀ ਨੇ ਕਿਹਾ ਕਿ ਅਸੀਂ ਟਰੈਕਟਰਾਂ ਨਾਲ ਖੇਤੀ ਕਰਦੇ ਹਾਂ ਤਾਂ ਇਸ 'ਤੇ ਬਾਰਾਤ ਕਿਉਂ ਨਹੀਂ ਲੈ ਕੇ ਜਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਬਾਰਾਤ ਲਾੜੀ ਦੇ ਪਿੰਡ ਪਹੁੰਚੀ ਤਾਂ ਉੱਥੇ ਮੌਜੂਦ ਹਰ ਕੋਈ ਇਹ ਦੇਖ ਕੇ ਦੰਗ ਰਹਿ ਗਿਆ।