Srinagar Flight Emergency Landing: ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਦੌਰਾਨ ਮੌਸਮ ਖਰਾਬ ਹੋਣ ਕਰਕੇ ਐਮਰਜੈਂਸੀ ਲੈਂਡਿੰਗ ਦੇ ਪਲ ਨੂੰ ਯਾਦ ਕਰਦਿਆਂ ਤ੍ਰਿਣਮੂਲ ਕਾਂਗਰਸ ਦੀ ਨੇਤਾ ਸਾਗਰਿਕਾ ਘੋਸ਼ ਨੇ ਕਿਹਾ ਕਿ, “ਇਹ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਤਜਰਬਾ ਸੀ।” ਤ੍ਰਿਣਮੂਲ ਦਾ ਪੰਜ ਮੈਂਬਰੀ ਵਫਦ ਉਸ ਉਡਾਣ 'ਚ ਸਵਾਰ ਸੀ, ਜਿਸ ਵਿੱਚ ਮੌਸਮ ਦੀ ਖ਼ਰਾਬੀ ਕਰਕੇ ਰੁਕਾਵਟ ਆਈ। ਇਸ ਜਹਾਜ਼ ਵਿੱਚ ਵਫਦ ਦੇ ਮੈਂਬਰ ਡੈਰੇਕ ਓ’ਬ੍ਰਾਇਨ, ਨਦੀਮੁਲ ਹਕ, ਸਾਗਰਿਕਾ ਘੋਸ਼, ਮਾਨਸ ਭੁਇਆਂ ਅਤੇ ਮਮਤਾ ਠਾਕੁਰ ਮੌਜੂਦ ਸਨ।
ਬੁੱਧਵਾਰ ਨੂੰ ਦਿੱਲੀ ਤੋਂ 220 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਮੌਸਮ ਖਰਾਬ ਹੋਣ ਕਾਰਨ ਨਾਜੁਕ ਹਾਲਾਤਾਂ ਵਿੱਚ ਘਿਰ ਗਈ। ਇਸ ਤੋਂ ਬਾਅਦ ਪਾਇਲਟ ਨੇ ਸ਼੍ਰੀਨਗਰ ਵਿੱਚ ਵਿਮਾਨ ਟ੍ਰੈਫਿਕ ਕੰਟਰੋਲ ਨੂੰ ‘ਐਮਰਜੈਂਸੀ’ ਦੀ ਸੂਚਨਾ ਦਿੱਤੀ ਅਤੇ ਫਿਰ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਵੀਡੀਓ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਡਰੇ ਹੋਏ ਯਾਤਰੀ ਜਹਾਜ਼ ਦੇ ਡਰ ਦੇ ਨਾਲ ਕੰਬਣ ਲੱਗੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਨਜ਼ਰ ਆਏ।
ਇਸ ਘਟਨਾ 'ਤੇ ਸਾਗਰੀਕਾ ਘੋਸ਼ ਨੇ ਕਿਹਾ, ‘‘ਇਹ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਅਨੁਭਵ ਸੀ। ਮੈਨੂੰ ਲੱਗਾ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ। ਲੋਕ ਚੀਕਾਂ ਮਾਰ ਰਹੇ ਸਨ, ਅਰਦਾਸਾਂ ਕਰ ਰਹੇ ਸਨ।’’
ਉਨ੍ਹਾਂ ਅੱਗੇ ਕਿਹਾ, ‘‘ਉਸ ਪਾਇਲਟ ਨੂੰ ਸਲਾਮ, ਜਿਸ ਨੇ ਸਾਨੂੰ ਉਸ ਹਾਲਤ ਵਿੱਚੋਂ ਕੱਢਿਆ। ਜਦੋਂ ਅਸੀਂ ਜਹਾਜ਼ 'ਚੋਂ ਉਤਰੇ ਤਾਂ ਵੇਖਿਆ ਕਿ ਜਹਾਜ਼ ਦੇ ਅੱਗੇ ਵਾਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੋਇਆ ਸੀ।’’
ਇਸ ਘਟਨਾ 'ਤੇ ਇੰਡਿਗੋ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਕਿਹਾ ਗਿਆ, "ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡਿਗੋ ਦੀ ਉਡਾਣ 6E 2142 ਰਸਤੇ ਵਿੱਚ ਅਚਾਨਕ ਗੜ੍ਹੇਮਾਰੀ ਦਾ ਸ਼ਿਕਾਰ ਹੋ ਗਈ। ਫਲਾਈਟ ਅਤੇ ਕੇਬਿਨ ਕ੍ਰਿਊ ਨੇ ਸਥਾਪਿਤ ਪ੍ਰੋਟੋਕਾਲ ਦੀ ਪਾਲਣਾ ਕੀਤੀ ਅਤੇ ਜਹਾਜ਼ ਨੂੰ ਸ਼੍ਰੀਨਗਰ ਵਿੱਚ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ।
ਜਹਾਜ਼ ਦੇ ਪਹੁੰਚਣ ਮਗਰੋਂ ਏਅਰਪੋਰਟ ਟੀਮ ਨੇ ਯਾਤਰੀਆਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਦੀ ਭਲਾਈ ਅਤੇ ਆਰਾਮ ਨੂੰ ਪਹਿਲ ਦਿੱਤੀ। ਜਹਾਜ਼ ਦੀ ਜ਼ਰੂਰੀ ਜਾਂਚ ਅਤੇ ਮੁਰੰਮਤ ਦੇ ਬਾਅਦ ਉਸਨੂੰ ਦੁਬਾਰਾ ਰਵਾਨਾ ਕੀਤਾ ਜਾਵੇਗਾ।"