ਰਾਜਸਥਾਨ ਦੇ ਪਾਲੀ ਜ਼ਿਲੇ ਦੇ ਜੋਗਮੰਡੀ ਰੇਲਵੇ ਪੁਲ 'ਤੇ ਫੋਟੋਸ਼ੂਟ ਕਰਵਾ ਰਹੇ ਪਤੀ-ਪਤਨੀ ਰੇਲਗੱਡੀ ਨੂੰ ਆਉਂਦੀ ਦੇਖ ਕੇ ਘਬਰਾ ਗਏ ਅਤੇ ਖੁਦ ਨੂੰ ਬਚਾਉਣ ਲਈ ਕਰੀਬ 90 ਫੁੱਟ ਡੂੰਘੀ ਖਾਈ 'ਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਜ਼ਖ਼ਮੀ ਹੋ ਗਏ।


ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸੋਜਤ ਰੋਡ ਨੇੜੇ ਹਰਿਆਮਾਲੀ ਦਾ ਰਹਿਣ ਵਾਲਾ ਰਾਹੁਲ ਮੇਵਾੜਾ (22) ਅਤੇ ਉਸ ਦੀ ਪਤਨੀ ਜਾਹਨਵੀ (20) ਗੋਰਮਘਾਟ 'ਤੇ ਘੁੰਮਣ ਆਏ ਸਨ। ਉਹ ਜੋਗਮੰਡੀ ਪੁਲ 'ਤੇ ਮੀਟਰ ਗੇਜ ਰੇਲਵੇ ਲਾਈਨ 'ਤੇ ਪੈਦਲ ਜਾ ਰਹੇ ਸੀ ਜਦੋਂ ਮਾਰਵਾੜ ਯਾਤਰੀ ਰੇਲਗੱਡੀ ਕਮਲੀਘਾਟ ਰੇਲਵੇ ਸਟੇਸ਼ਨ ਤੋਂ ਆਈ। ਹਾਲਾਂਕਿ ਟਰੇਨ ਦੀ ਰਫਤਾਰ ਧੀਮੀ ਸੀ ਅਤੇ ਇਹ ਪੁਲ 'ਤੇ ਰੁਕ ਗਈ ਪਰ ਉਦੋਂ ਤੱਕ ਜੋੜੇ ਨੇ ਘਬਰਾ ਕੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ।






ਰੇਲਵੇ ਪੁਲ ਨੇੜੇ ਉਸ ਦੇ ਦੋ ਰਿਸ਼ਤੇਦਾਰ ਵੀ ਮੌਜੂਦ ਸਨ, ਪਰ ਉਹ ਟਰੈਕ 'ਤੇ ਨਹੀਂ ਸਨ। ਉਹ ਫੋਟੋਆਂ ਅਤੇ ਵੀਡੀਓਜ਼ ਕਲਿੱਕ ਕਰ ਰਹੇ ਸਨ ਜਦੋਂ ਰਾਹੁਲ ਅਤੇ ਜਾਹਨਵੀ ਰੇਲਵੇ ਟਰੈਕ 'ਤੇ ਸੈਰ ਕਰ ਰਹੇ ਸਨ। ਪੁਲ ਤੋਂ ਛਾਲ ਮਾਰਨ ਵਾਲੇ ਜੋੜੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਘਟਨਾ ਦੇ ਸਮੇਂ ਰਿਸ਼ਤੇਦਾਰ ਦੇ ਮੋਬਾਈਲ ਫੋਨ ਵਿੱਚ ਰਿਕਾਰਡ ਕੀਤੀ ਗਈ ਸੀ।


ਟਰੇਨ ਦੇ ਡਰਾਈਵਰ ਅਤੇ ਗਾਰਡ ਪੁਲ ਤੋਂ ਹੇਠਾਂ ਉਤਰ ਕੇ ਗੰਭੀਰ ਜ਼ਖਮੀ ਜੋੜੇ ਨੂੰ ਚੁੱਕ ਕੇ ਫੁਲਾਦ ਰੇਲਵੇ ਸਟੇਸ਼ਨ ਲੈ ਗਏ। ਉਥੋਂ ਉਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਜਾਹਨਵੀ ਨੂੰ ਪਾਲੀ ਹਸਪਤਾਲ ਅਤੇ ਰਾਹੁਲ ਨੂੰ ਜੋਧਪੁਰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ। 



ਅਜਮੇਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਡਿਵੀਜ਼ਨ ਮੈਨੇਜਰ ਸੁਨੀਲ ਕੁਮਾਰ ਮਾਹਲਾ ਨੇ ਦੱਸਿਆ ਕਿ ਪੁਲ 'ਤੇ ਨੌਜਵਾਨ ਅਤੇ ਔਰਤ ਨੂੰ ਦੇਖ ਕੇ ਲੋਕੋ ਪਾਇਲਟ ਨੇ ਟਰੇਨ ਦੀ ਬ੍ਰੇਕ ਲਗਾ ਦਿੱਤੀ ਸੀ। ਰੇਲਗੱਡੀ ਪੁਲ 'ਤੇ ਰੁਕ ਗਈ ਪਰ ਰੇਲਗੱਡੀ ਨੂੰ ਨੇੜੇ ਆਉਂਦੀ ਦੇਖ ਕੇ ਦੋਵੇਂ ਡਰ ਗਏ ਅਤੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ।