ਯੂਪੀ ਦੇ ਲਖੀਮਪੁਰ ਵਿੱਚ ਭਾਜਪਾ ਵਿਧਾਇਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਦਰਅਸਲ ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਵਧੇਸ਼ ਸਿੰਘ ਨੇ ਯੋਗੇਸ਼ ਵਰਮਾ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵੀ ਵਰਮਾ ਨੂੰ ਘਸੀਟਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਸਭ ਕੁਝ ਪੁਲਸ ਵਾਲਿਆਂ ਦੇ ਸਾਹਮਣੇ ਹੋਇਆ। ਜਿੱਥੇ ਅਧਿਕਾਰੀ ਵੀ ਕੁਝ ਨਹੀਂ ਕਰ ਸਕੇ।


 


ਭਾਜਪਾ ਵਿਧਾਇਕ ਦੇ ਨਾਲ ਵੀ ਕਈ ਲੋਕ ਮੌਜੂਦ ਸਨ ਪਰ ਵਕੀਲਾਂ ਦੇ ਗਰੁੱਪ ਉਨ੍ਹਾਂ ਉਤੇ ਭਾਰੀ ਪਿਆ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਾਅਦ ਵਿੱਚ ਵਿਧਾਇਕ ਦੇ ਸਮਰਥਕਾਂ ਨੇ ਵੀ ਅਵਧੇਸ਼ ਸਿੰਘ ਦੀ ਕੁੱਟਮਾਰ ਕੀਤੀ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਜਪਾ ਵਿਧਾਇਕ ਅਤੇ ਅਵਧੇਸ਼ ਸਿੰਘ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਪੁਲਸ ਵਾਲੇ ਵੀ ਮੌਜੂਦ ਹਨ। ਵੀਡੀਓ 'ਚ ਵਿਧਾਇਕ ਨੂੰ 'ਨਹੀਂ, ਤੁਸੀਂ ਕੀ ਕਰੋਗੇ' ਕਹਿੰਦੇ ਸੁਣਿਆ ਜਾ ਸਕਦਾ ਹੈ। ਜਿਵੇਂ ਹੀ ਉਹ ਅਜਿਹਾ ਕਹਿੰਦਾ ਹੈ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਸ ਦੇ ਨਾਲ ਦੇ ਲੋਕਾਂ ਨੇ ਵੀ ਉਸ ਨੂੰ ਕੁੱਟ-ਕੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਬਾਅਦ 'ਚ ਪੁਲਸ ਉਨ੍ਹਾਂ ਨੂੰ ਵੱਖ ਕਰ ਕੇ ਲੈ ਗਈ।






 


ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਆਉਣ ਵਾਲੀਆਂ ਅਰਬਨ ਕੋਆਪਰੇਟਿਵ ਬੈਂਕ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਹੈ। ਦਰਅਸਲ, ਇਹ ਘਟਨਾ ਚੋਣਾਂ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਵਿਚਕਾਰ ਵਾਪਰੀ ਹੈ, ਕਿਉਂਕਿ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਨੀਲ ਸਿੰਘ ਅਤੇ ਵਿਧਾਇਕ ਯੋਗੇਸ਼ ਵਰਮਾ ਦਾ ਇੱਕ ਪੱਤਰ ਸਾਹਮਣੇ ਆਇਆ ਹੈ, ਜਿਸ ਵਿੱਚ ਚੋਣਾਂ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ। ਹਾਲਾਂਕਿ, ਵਧੀਕ ਜ਼ਿਲ੍ਹਾ ਮੈਜਿਸਟਰੇਟ (ਏਡੀਐਮ) ਸੰਜੇ ਸਿੰਘ ਨੇ ਸਪੱਸ਼ਟ ਕੀਤਾ ਕਿ ਚੋਣਾਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਣਗੀਆਂ।



ਚੋਣਾਂ ਦਾ ਵਿਧਾਇਕ ਤੇ ਬਾਰ ਪ੍ਰਧਾਨ ਨਾਲ ਕੀ ਸਬੰਧ?
ਦਰਅਸਲ ਇਸ ਚੋਣ ਵਿੱਚ ਮੌਜੂਦਾ ਚੇਅਰਮੈਨ ਪੁਸ਼ਪਾ ਸਿੰਘ ਅਤੇ ਸਾਬਕਾ ਚੇਅਰਮੈਨ ਮਨੋਜ ਅਗਰਵਾਲ ਦਾ ਖੇਮਾ ਆਹਮੋ ਸਾਹਮਣੇ ਹੈ। ਦੋਵੇਂ ਧੜੇ ਬੁੱਧਵਾਰ ਨੂੰ ਨਾਮਜ਼ਦਗੀ ਭਰਨ ਲਈ ਸਹਿਕਾਰੀ ਬੈਂਕ ਦੇ ਦਫ਼ਤਰ ਪੁੱਜੇ ਸਨ। ਹੁਣ ਹੋਇਆ ਇਹ ਕਿ ਸਦਰ ਦੇ ਵਿਧਾਇਕ ਨੇ ਦੋਸ਼ ਲਾਇਆ ਕਿ ਮਨੋਜ ਅਗਰਵਾਲ ਦੇ ਸਮਰਥਨ ਵਾਲੇ ਰਾਜੂ ਅਗਰਵਾਲ ਦੇ ਨਾਮਜ਼ਦਗੀ ਪੱਤਰ ਵਕੀਲਾਂ ਨੇ ਪਾੜ ਦਿੱਤੇ। ਹੁਣ ਜਦੋਂ ਵਿਧਾਇਕ ਆਪਣਾ ਵਿਰੋਧ ਦਰਜ ਕਰਵਾਉਣ ਪਹੁੰਚੇ ਤਾਂ ਅਵਧੇਸ਼ ਸਿੰਘ ਉਸ ਨੂੰ ਦੇਖ ਕੇ ਗੁੱਸੇ 'ਚ ਆ ਗਿਆ ਅਤੇ ਲੜਾਈ ਹੋ ਗਈ।


ਚੋਣ ਪ੍ਰਕਿਰਿਆ 14 ਅਕਤੂਬਰ ਨੂੰ ਸ਼ੁਰੂ ਹੋਣੀ ਹੈ, ਜਿਸ ਦਿਨ ਵੋਟਿੰਗ ਅਤੇ ਗਿਣਤੀ ਹੋਵੇਗੀ। ਰਿਪੋਰਟਾਂ ਦੱਸਦੀਆਂ ਹਨ ਕਿ ਲਗਭਗ 12,000 ਸ਼ੇਅਰਧਾਰਕ ਇਨ੍ਹਾਂ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹਨ। ਨਾਮਜ਼ਦਗੀ ਪ੍ਰਕਿਰਿਆ ਬੁੱਧਵਾਰ ਨੂੰ ਸ਼ੁਰੂ ਹੋਣੀ ਸੀ, ਜਿਸ ਤੋਂ ਬਾਅਦ 10 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਅੰਤਿਮ ਵੋਟਰ ਸੂਚੀ 11 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਚੋਣ ਨਿਸ਼ਾਨਾਂ ਦੀ ਵੰਡ ਵੀ ਕੀਤੀ ਜਾਣੀ ਹੈ।