ਗੁਜਰਾਤ ਵਿੱਚ ਇੱਕ ਸੀਨੀਅਰ ਆਈਏਐਸ ਅਧਿਕਾਰੀ ਦੀ ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਮੌਤ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਘਟਨਾ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਇਸ ਲਈ ਚਰਚਾ ਵਿਚ ਹੈ ਕਿਉਂਕਿ ਉਹ ਨੌਂ ਮਹੀਨੇ ਪਹਿਲਾਂ ਇਕ ਗੈਂਗਸਟਰ ਨਾਲ ਫਰਾਰ ਹੋ ਗਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ IAS ਦੀ ਪਤਨੀ ਨੇ ਘਰ ਵਾਪਸ ਆਉਂਦੇ ਹੀ ਖੁਦਕੁਸ਼ੀ ਕਰ ਲਈ। ਹਾਲਾਂਕਿ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।


ਦੱਸ ਦੇਈਏ ਕਿ ਆਈਏਐਸ ਦੀ ਪਤਨੀ ਨੌਂ ਮਹੀਨੇ ਪਹਿਲਾਂ ਇੱਕ ਗੈਂਗਸਟਰ ਨਾਲ ਫਰਾਰ ਹੋ ਗਈ ਸੀ। ਸ਼ਨੀਵਾਰ ਨੂੰ 45 ਸਾਲਾ ਔਰਤ ਸੂਰਿਆ ਗੁਜਰਾਤ 'ਚ ਆਪਣੇ ਆਈਏਐਸ ਪਤੀ ਦੇ ਘਰ ਪਰਤੀ ਸੀ, ਜਿੱਥੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਘਟਨਾ ਗਾਂਧੀਨਗਰ ਦੇ ਸੈਕਟਰ 19 ਵਿੱਚ ਵਾਪਰੀ।


'IAS ਨੇ ਪਤਨੀ ਦੀ ਘਰ ਐਂਟਰੀ 'ਤੇ ਲਗਾਈ ਸੀ ਪਾਬੰਦੀ'


ਇਸ ਮਾਮਲੇ ਵਿੱਚ ਗੁਜਰਾਤ ਪੁਲਿਸ ਨੇ ਦੱਸਿਆ ਕਿ ਔਰਤ ਦੇ ਪਤੀ ਰਣਜੀਤ ਕੁਮਾਰ, ਜੋ ਕਿ ਗੁਜਰਾਤ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਸਕੱਤਰ ਹਨ, ਨੇ ਘਰੇਲੂ ਸਟਾਫ਼ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਉਸਦੀ ਪਤਨੀ ਵਾਪਸ ਆਉਂਦੀ ਹੈ ਤਾਂ ਉਸ ਨੂੰ ਘਰ ਵਿੱਚ ਵੜਨ ਨਾ ਦਿੱਤਾ ਜਾਵੇ। ਉਸ ਨੇ ਇਹ ਵੀ ਕਿਹਾ ਕਿ ਉਹ ਇੱਕ ਬੱਚੇ ਨੂੰ ਅਗਵਾ ਕਰਨ ਵਿੱਚ ਸ਼ਾਮਲ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।


ਗੁਜਰਾਤ ਪੁਲਸ ਦੇ ਅਨੁਸਾਰ, "ਰਣਜੀਤ ਕੁਮਾਰ ਸ਼ਨੀਵਾਰ (20 ਜੁਲਾਈ) ਨੂੰ ਪਤਨੀ ਨਾਲ ਤਲਾਕ ਦੀ ਪਟੀਸ਼ਨ ਨੂੰ ਅੰਤਿਮ ਰੂਪ ਦੇਣ ਲਈ ਘਰ ਤੋਂ ਬਾਹਰ ਗਿਆ ਸੀ। ਉਸੇ ਸਮੇਂ ਘਰ ਵਿੱਚ ਦਾਖਲ ਨਾ ਹੋਣ ਦੇਣ ਤੋਂ ਪਰੇਸ਼ਾਨ ਹੋ ਕੇ ਸੂਰਿਆ ਨੇ ਜ਼ਹਿਰ ਖਾ ਲਿਆ ਅਤੇ 108 (ਐਂਬੂਲੈਂਸ ਹੈਲਪਲਾਈਨ ਨੰਬਰ) 'ਤੇ ਫੋਨ ਕਰ ਦਿੱਤਾ। ਜਾਂਚ ਵਿੱਚ ਸ਼ਾਮਲ ਪੁਲਸ ਨੂੰ ਤਮਿਲ ਵਿੱਚ ਇੱਕ ਕਥਿਤ ਸੁਸਾਈਡ ਨੋਟ ਵੀ ਮਿਲਿਆ, ਪਰ ਉਨ੍ਹਾਂ ਨੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।


'ਮਹਾਰਾਜਾ ਹਾਈਕੋਰਟ' ਨਾਮ ਦੇ ਤਮਿਲ ਗੈਂਗਸਟਰ ਨਾਲ ਹੋ ਗਈ ਸੀ ਫਰਾਰ 


ਦਰਅਸਲ, ਮਹਿਲਾ ਦਾ ਨਾਮ ਉਸ ਦੇ ਕਥਿਤ ਗੈਂਗਸਟਰ ਬੁਆਏਫ੍ਰੈਂਡ ਮਹਾਰਾਜਾ ਅਤੇ ਉਸ ਦੇ ਸਾਥੀ ਸੇਂਥਿਲ ਕੁਮਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਵੀ ਆਇਆ ਸੀ। ਇਹ ਮਾਮਲਾ 11 ਜੁਲਾਈ ਨੂੰ ਬੱਚੇ ਦੀ ਮਾਂ ਨਾਲ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਇੱਕ ਲੜਕੇ ਦੇ ਕਥਿਤ ਅਗਵਾ ਨਾਲ ਸਬੰਧਤ ਹੈ। ਉਨ੍ਹਾਂ ਨੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ ਮਦੁਰਾਈ ਪੁਲਿਸ ਨੇ ਲੜਕੇ ਨੂੰ ਬਚਾ ਲਿਆ। ਉਦੋਂ ਤੋਂ ਹੀ ਮਦੁਰਾਈ ਪੁਲਿਸ ਸੂਰਿਆ ਸਮੇਤ ਇਸ ਘਟਨਾ ਵਿਚ ਸ਼ਾਮਲ ਲੋਕਾਂ ਦੀ ਭਾਲ ਵਿਚ ਲੱਗੀ ਹੋਈ ਸੀ। ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਆਈਏਐਸ ਪਤੀ ਨੇ ਔਰਤ (ਸੂਰਿਆ ਜੈ) ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।


ਸੂਤਰਾਂ ਮੁਤਾਬਕ ਮਦੁਰਾਈ 'ਚ 14 ਸਾਲਾ ਲੜਕੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਤਾਮਿਲਨਾਡੂ ਪੁਲਸ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਔਰਤ ਸੂਰਿਆ ਆਪਣੇ ਆਈਏਐੱਸ ਪਤੀ ਦੇ ਘਰ ਪਰਤ ਆਈ ਸੀ। ਇਸ ਮਾਮਲੇ ਵਿੱਚ ਆਈਏਐਸ ਰਣਜੀਤ ਕੁਮਾਰ ਦੇ ਵਕੀਲ ਹਿਤੇਸ਼ ਗੁਪਤਾ ਦਾ ਕਹਿਣਾ ਹੈ ਕਿ ਜੋੜਾ 2023 ਵਿੱਚ ਵੱਖ ਹੋ ਗਿਆ ਸੀ ਅਤੇ ਤਲਾਕ ਵੱਲ ਵਧ ਰਿਹਾ ਸੀ।