ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕਰੀਬ 10 ਦਿਨ ਪਹਿਲਾਂ ਬ੍ਰਹਮਪੁਰੀ ਇਲਾਕੇ ਦੇ ਇਕ ਨੌਜਵਾਨ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ। ਪੁਲਸ ਨੇ ਅਗਵਾ ਹੋਏ ਨੌਜਵਾਨ ਅਨੁਜ ਨੂੰ ਸੁਰੱਖਿਅਤ ਛੁਡਵਾ ਲਿਆ ਹੈ ਅਤੇ ਅਗਵਾ ਕਾਂਡ ਵਿਚ ਸ਼ਾਮਿਲ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਵਰਿੰਦਰ ਸਿੰਘ, ਵਿਨੋਦ, ਅਮਿਤ ਕੁਮਾਰ, ਜਤਿੰਦਰ ਭੰਡਾਰੀ ਅਤੇ ਜਮੁਨਾ ਸਰਕਾਰ ਸ਼ਾਮਲ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ਼ ਨੇ ਦੱਸਿਆ ਕਿ 18 ਅਗਸਤ ਨੂੰ ਅਨੁਜ ਆਪਣੇ ਦੋਸਤ ਨਾਲ ਨਾਹਰਗੜ੍ਹ ਪਹਾੜੀਆਂ 'ਤੇ ਸੈਰ ਕਰਨ ਗਿਆ ਸੀ।


ਇਸ ਦੌਰਾਨ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਅਨੁਜ ਅਤੇ ਉਸ ਦੇ ਸਾਥੀ ਨੂੰ ਦੇਖਿਆ। ਅਨੁਜ ਨੂੰ ਵਧੀਆ ਕੱਪੜੇ ਪਾਏ ਦੇਖ ਕੇ ਨੌਜਵਾਨਾਂ ਨੇ ਉਸ ਨੂੰ ਅਮੀਰ ਪਰਿਵਾਰ ਦਾ ਸਮਝ ਕੇ ਉਸ ਦੇ ਮੂੰਹ 'ਤੇ ਟੇਪ ਲਗਾ ਦਿੱਤੀ, ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਾਰ 'ਚ ਬਿਠਾ ਲਿਆ। ਜਦਕਿ ਉਸਦੇ ਸਾਥੀਆਂ ਨੇ ਸੋਨੀ ਦੀ ਕੁੱਟਮਾਰ ਕਰਕੇ ਉਸਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ।






20 ਲੱਖ ਦੀ ਫਿਰੌਤੀ ਦੀ ਮੰਗ
ਜਦੋਂ ਅਨੁਜ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਮਾਮਲਾ ਦਰਜ ਕਰਵਾਇਆ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਟੀਮ ਨੇ ਸੋਨੀ ਤੋਂ ਪੁੱਛਗਿੱਛ ਕੀਤੀ ਅਤੇ ਡਰੋਨ ਨਾਲ ਪਹਾੜੀ ਦੀ ਤਲਾਸ਼ੀ ਲਈ। ਪੁਲਸ ਨੇ ਕਿਸੇ ਝਗੜੇ ਕਾਰਨ ਅਗਵਾ ਹੋਣ ਦਾ ਸ਼ੱਕ ਪ੍ਰਗਟਾਇਆ। ਪੁਲਸ ਦੀਆਂ ਕਈ ਟੀਮਾਂ ਆਪਰੇਸ਼ਨ ਵਿੱਚ ਜੁਟੀਆਂ ਰਹੀਆਂ। ਇਸ ਦੌਰਾਨ ਅਗਵਾਕਾਰਾਂ ਨੇ ਅਨੁਜ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਨੇ ਇੰਨੇ ਪੈਸੇ ਹੋਣ ਤੋਂ ਇਨਕਾਰ ਕੀਤਾ ਅਤੇ ਪੈਸੇ ਇਕੱਠੇ ਕਰਨ ਲਈ ਸਮਾਂ ਮੰਗਿਆ।


ਫਿਰੌਤੀ ਦੀ ਰਕਮ ਟਰੇਨ 'ਚੋਂ ਸੁੱਟਣ ਲਈ ਕਿਹਾ
ਇਸ ਦੌਰਾਨ ਪੁਲਸ ਫੋਨ ਨੰਬਰ ਟਰੇਸ ਕਰਕੇ ਅਗਵਾਕਾਰਾਂ ਦੀ ਭਾਲ ਕਰਦੀ ਰਹੀ ਪਰ ਅਗਵਾਕਾਰ ਪੁਲਸ ਤੋਂ ਬਚਣ ਲਈ ਥਾਂ ਬਦਲਦੇ ਰਹੇ ਅਤੇ ਆਖਰਕਾਰ ਉਨ੍ਹਾਂ ਨੇ ਪੈਸੇ ਲੈ ਕੇ ਕਾਲਕਾ-ਸ਼ਿਮਲਾ ਐਕਸਪ੍ਰੈਸ ਟਰੇਨ ਦੇ ਆਖਰੀ ਡੱਬੇ ਵਿੱਚ ਬੈਠਣ ਲਈ ਕਿਹਾ। ਯੋਜਨਾ ਅਨੁਸਾਰ ਰੇਲਗੱਡੀ ਦੇ ਰੂਟ ’ਤੇ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਅਤੇ ਜਿਵੇਂ ਹੀ ਅਗਵਾਕਾਰਾਂ ਨੇ ਪੈਸਿਆਂ ਵਾਲਾ ਬੈਗ ਧਰਮਪੁਰ ਰੇਲਵੇ ਸਟੇਸ਼ਨ ਨੇੜੇ ਸੁੱਟਣ ਲਈ ਕਿਹਾ। ਉਥੇ ਖੜ੍ਹੇ ਨੌਜਵਾਨ ਨੂੰ ਫੜ ਲਿਆ।


ਮਾਸਟਰ ਮਾਈਂਡ ਸੀ ਸਾਫਟਵੇਅਰ ਇੰਜੀਨੀਅਰ 
ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਨੇ ਇੱਕ ਤੋਂ ਬਾਅਦ ਇੱਕ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਘਟਨਾ ਦਾ ਮਾਸਟਰ ਮਾਈਂਡ ਸਾਫਟਵੇਅਰ ਇੰਜੀਨੀਅਰ ਵਰਿੰਦਰ ਸਿੰਘ ਨਿਕਲਿਆ। ਜਿਸ ਨੇ ਜਲਦੀ ਪੈਸੇ ਕਮਾਉਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕਰਕੇ ਪੈਸੇ ਵਸੂਲਣ ਦੀ ਸਾਜ਼ਿਸ਼ ਰਚੀ। ਫਿਲਹਾਲ ਪੁਲਸ ਇਕ ਹੋਰ ਫਰਾਰ ਦੋਸ਼ੀ ਦੀ ਭਾਲ 'ਚ ਲੱਗੀ ਹੋਈ ਹੈ।