360 Ride Crashed: ਸਾਊਦੀ ਅਰਬ ਦੇ ਤਾਇਫ਼ ਸ਼ਹਿਰ ਦੇ ਇੱਕ ਮਨੋਰੰਜਨ ਪਾਰਕ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਉੱਥੇ ਲਗੀ '360 ਡਿਗਰੀ' ਰਾਈਡ ਅਚਾਨਕ ਟੁੱਟ ਕੇ ਜ਼ਮੀਨ 'ਤੇ ਡਿੱਗ ਪਈ। ਇਹ ਖੌਫਨਾਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 23 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।
ਝੂਲਾ ਡਿੱਗਣ ਨਾਲ ਮਚੀ ਅਫੜਾ-ਤਫੜੀ
ਘਟਨਾ ਸਮੇਂ ਰਾਈਡ 'ਚ ਦਰਜਨਾਂ ਲੋਕ ਸਵਾਰ ਸਨ ਅਤੇ ਝੂਲਾ ਤੇਜ਼ੀ ਨਾਲ ਗੋਲ-ਗੋਲ ਘੁੰਮ ਰਿਹਾ ਸੀ। ਅਚਾਨਕ ਉਸ ਵਿੱਚ ਤਕਨੀਕੀ ਖ਼ਰਾਬੀ ਆ ਗਈ ਅਤੇ ਪੂਰੀ ਰਾਈਡ ਜ਼ਮੀਨ 'ਤੇ ਡਿੱਗ ਪਈ। ਝੂਲੇ ਦੀ ਰਫ਼ਤਾਰ ਇਨੀ ਤੇਜ਼ ਸੀ ਕਿ ਲੋਕ ਡਰ ਦੇ ਮਾਰੇ ਚੀਕਣ ਲੱਗ ਪਏ ਅਤੇ ਆਸ-ਪਾਸ ਅਫੜਾ-ਤਫੜੀ ਮਚ ਗਈ।
ਲੋਕਾਂ ਨੇ ਦੱਸਿਆ ਕਿ ਝੂਲੇ ਵਿਚੋਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਸਾਰਾ ਝੂਲਾ ਥੱਲੇ ਡਿੱਗ ਗਿਆ। ਨੇੜੇ ਮੌਜੂਦ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਰਾਈਡ ਬੰਦ ਕਰਵਾਈ ਗਈ
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਅਤੇ ਡਰ ਦੋਵਾਂ ਦੇਖਣ ਨੂੰ ਮਿਲਿਆ। ਮਾਪਿਆਂ ਦਾ ਕਹਿਣਾ ਹੈ ਕਿ ਮਨੋਰੰਜਨ ਪਾਰਕ ਦੀਆਂ ਰਾਈਡਾਂ ਦੀ ਸਮੇਂ-ਸਮੇਂ 'ਤੇ ਜਾਂਚ ਹੋਣੀ ਚਾਹੀਦੀ ਹੈ। ਬੱਚਿਆਂ ਦੀ ਸੁਰੱਖਿਆ ਨਾਲ ਅਜਿਹੀ ਲਾਪਰਵਾਹੀ ਬਹੁਤ ਹੀ ਖਤਰਨਾਕ ਹੋ ਸਕਦੀ ਹੈ।
ਪਾਰਕ ਪ੍ਰਸ਼ਾਸਨ ਨੇ ਫਿਲਹਾਲ ਰਾਈਡ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।