Viral Video: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੇ ਮਨ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਮਣਿਕਰਨਿਕਾ ਘਾਟ 'ਤੇ ਇੱਕ ਔਰਤ ਰੀਲ ਬਣਾਉਂਦੇ ਸਮੇਂ ਭਾਗੀਰਥੀ ਦਰਿਆ ਦੇ ਤੇਜ਼ ਵਹਾਅ 'ਚ ਵਹਿ ਗਈ। ਹਾਦਸੇ ਵੇਲੇ ਔਰਤ ਦੀ ਛੋਟੀ ਬੱਚੀ ਆਪਣੀ ਮਾਂ ਨੂੰ ਬਚਾਉਣ ਲਈ ਚੀਕ ਚੀਕ ਕੇ ਪੁਕਾਰਦੀ ਰਹੀ, ਪਰ ਕਿਸੇ ਤੋਂ ਵੀ ਉਹਨੂੰ ਬਚਾਇਆ ਨਹੀਂ ਜਾ ਸਕਿਆ।
ਰੀਲ ਬਣਾਉਂਦੇ ਹੋਏ ਹੋਇਆ ਹਾਦਸਾ
ਇਹ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਔਰਤ ਆਪਣੇ ਪਰਿਵਾਰ ਨਾਲ ਉੱਤਰਕਾਸ਼ੀ ਦੇ ਮਸ਼ਹੂਰ ਮਣਿਕਰਨਿਕਾ ਘਾਟ 'ਤੇ ਸੈਰ ਕਰਨ ਆਈ ਹੋਈ ਸੀ। ਓਥੇ ਉਹ ਸੋਸ਼ਲ ਮੀਡੀਆ ਲਈ ਵੀਡੀਓ (ਰੀਲ) ਬਣਾ ਰਹੀ ਸੀ। ਇਸ ਦੌਰਾਨ ਉਹ ਦਰਿਆ ਦੇ ਕੰਢੇ ਪਾਣੀ ਵਿੱਚ ਉਤਰ ਗਈ। ਪਰ ਭਾਗੀਰਥੀ ਦਰਿਆ ਦਾ ਵਹਾਅ ਇੰਨਾ ਤੇਜ਼ ਸੀ ਕਿ ਔਰਤ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਪਾਣੀ ਵਿੱਚ ਵਹਿ ਗਈ।
ਬੱਚੀ ਦੀ ਚੀਖ ਸੁਣ ਲੋਕ ਰਹਿ ਗਏ ਹੈਰਾਨ
ਇਸ ਪੂਰੀ ਘਟਨਾ ਦੌਰਾਨ ਔਰਤ ਦੀ ਛੋਟੀ ਬੱਚੀ ਥੋੜ੍ਹੀ ਦੂਰੀ 'ਤੇ ਖੜੀ ਸੀ। ਜਿਵੇਂ ਹੀ ਉਸ ਦੀ ਮਾਂ ਪਾਣੀ ਵਿੱਚ ਵਹਿਣ ਲੱਗੀ, ਉਹ ਡਰ ਕੇ ਉੱਚੀ ਆਵਾਜ਼ ਵਿੱਚ ‘ਮੰਮੀ-ਮੰਮੀ’ ਚੀਖਣ ਲੱਗ ਪਈ। ਨੇੜੇ ਖੜੇ ਲੋਕਾਂ ਨੇ ਜਦੋਂ ਬੱਚੀ ਦੀ ਚੀਖ ਸੁਣੀ ਤਾਂ ਓਹ ਦੌੜੇ-ਦੌੜੇ ਆਏ, ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਔਰਤ ਤੇਜ਼ ਵਹਾਅ ਵਾਲੇ ਪਾਣੀ ਵਿੱਚ ਵਹਿ ਚੁੱਕੀ ਸੀ।
ਹਾਲੇ ਤੱਕ ਨਹੀਂ ਮਿਲਿਆ ਕੋਈ ਸੁਰਾਗ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪ੍ਰਸ਼ਾਸਨ ਅਤੇ SDRF ਦੀ ਟੀਮ ਮੌਕੇ 'ਤੇ ਪਹੁੰਚ ਗਈ। ਦਰਿਆ 'ਚ ਸਰਚ ਓਪਰੇਸ਼ਨ ਜਾਰੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ਔਰਤ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ।
ਪ੍ਰਸ਼ਾਸਨ ਵੱਲੋਂ ਜਾਰੀ ਹੋਈ ਚੇਤਾਵਨੀ
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਜਾਂ ਝਰਨਿਆਂ ਦੇ ਨੇੜੇ ਫੋਟੋ ਜਾਂ ਵੀਡੀਓ ਬਣਾਉਂਦੇ ਸਮੇਂ ਖ਼ਾਸ ਧਿਆਨ ਰੱਖਣ। ਖ਼ਾਸ ਕਰਕੇ ਭਾਗੀਰਥੀ ਵਰਗੀਆਂ ਤੇਜ਼ ਵਹਾਅ ਵਾਲੀਆਂ ਨਦੀਆਂ ਵਿੱਚ ਉਤਰਣਾ ਜਾਨਲੇਵਾ ਸਾਬਤ ਹੋ ਸਕਦਾ ਹੈ।
ਦੱਸ ਦਈਏ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਰੀਲ ਬਣਾਉਣ ਦੇ ਚੱਕ 'ਚ ਲੋਕੀਂ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਸ ਲਈ ਅਜਿਹੀਆਂ ਥਾਵਾਂ ਉੱਤੇ ਰੀਲ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।