ਅਲੀਗੜ੍ਹ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦਾ ਵੀ ਦਿਮਾਗ ਹਿਲ ਕੇ ਰਹਿ ਜਾਵੇਗਾ, ਕਿਉਂਕਿ ਇਹ ਸਾਡੇ ਸਾਰਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇੱਥੇ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ (FSDA) ਦੀ ਟੀਮ ਨੇ ਇੱਕ ਆਟਾ ਚੱਕੀ 'ਤੇ ਛਾਪਾ ਮਾਰਿਆ ਅਤੇ ਪਾਇਆ ਕਿ ਉਸ ਆਟੇ ਵਿੱਚ ਪੱਥਰ ਦਾ ਪਾਊਡਰ ਮਿਲਾਇਆ ਜਾ ਰਿਹਾ ਸੀ। ਟੀਮ ਨੇ ਇੱਥੋਂ 400 ਕਿਲੋ ਤੋਂ ਵੱਧ ਸਟੋਨ ਪਾਊਡਰ ਬਰਾਮਦ ਕੀਤਾ। ਇਹ ਕਥਿਤ ਤੌਰ 'ਤੇ ਆਟੇ ਦੇ ਪੈਕਟਾਂ 'ਚ ਮਿਲਾਇਆ ਜਾ ਰਿਹਾ ਸੀ।


ਐਫਐਸਡੀਏ ਦੇ ਸਹਾਇਕ ਕਮਿਸ਼ਨਰ ਅਜੈ ਜੈਸਵਾਲ ਨੇ ਕਿਹਾ, “ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਸੂਚਨਾ ਮਿਲਣ ਤੋਂ ਬਾਅਦ ਅਲੀਗੜ੍ਹ ਦੇ ਉਦਯੋਗਿਕ ਖੇਤਰ ਵਿੱਚ ਪੰਚਵਟੀ ਆਟਾ ਨਾਮ ਦੇ ਬ੍ਰਾਂਡ ਨਾਮ ਨਾਲ ਆਟਾ ਵੇਚਣ ਵਾਲੀ ਇੱਕ ਆਟਾ ਮਿੱਲ 'ਤੇ ਛਾਪਾ ਮਾਰਿਆ ਗਿਆ। ਅਸੀਂ ਅਹਾਤੇ ਤੋਂ 400 ਕਿਲੋਗ੍ਰਾਮ ਤੋਂ ਵੱਧ ਸੇਲਖੜੀ ਸਟੋਨ ਪਾਊਡਰ ਬਰਾਮਦ ਕੀਤਾ ਹੈ।


ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਵੀਰਵਾਰ ਨੂੰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੱਕੀ ਵਿੱਚ ਆਟੇ ਦੀਆਂ ਬੋਰੀਆਂ ਵਿੱਚ ਪੱਥਰ ਦਾ ਪਾਊਡਰ ਮਿਲਾਇਆ ਜਾ ਰਿਹਾ ਸੀ।



ਜੈਸਵਾਲ ਨੇ ਕਿਹਾ, “ਛਾਪੇਮਾਰੀ ਦੌਰਾਨ, ਮਿੱਲ ਕਰਮਚਾਰੀ ਆਟੇ ਦੀਆਂ ਬੋਰੀਆਂ ਵਿੱਚ ਪਾਊਡਰ ਮਿਲਾਉਂਦੇ ਹੋਏ ਫੜੇ ਗਏ ਸਨ। ਅਸੀਂ ਇਸ ਫੈਕਟਰੀ ਦੇ ਮਾਲਕ ਵਿਰੁੱਧ ਅਗਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਆਟੇ ਦੇ ਬਰਾਂਡ ਦਾ ਸਾਰਾ ਸਟਾਕ ਬਾਜ਼ਾਰ ਵਿੱਚੋਂ ਵਾਪਸ ਮੰਗਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।


ਦੱਸ ਦਈਏ ਕਿ ਸੇਲਖੜੀ ਨਾਂ ਦਾ ਪੱਥਰ ਪਹਾੜੀ ਇਲਾਕਿਆਂ ਵਿਚ ਮਿਲਦਾ ਹੈ। ਸੇਲਖੜੀ ਪੱਥਰ ਦਾ ਰੰਗ ਚਿੱਟਾ ਹੁੰਦਾ ਹੈ, ਇਸ ਨਰਮ ਪੱਥਰ (ਅਲਬਾਸਟਰ) ਦੀ ਵਰਤੋਂ ਸੁੰਦਰਤਾ ਉਤਪਾਦ ਜਿਵੇਂ ਪਾਊਡਰ, ਕਰੀਮ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪੱਥਰ ਦਾ ਸੇਵਨ ਸਰੀਰ ਲਈ ਬਹੁਤ ਹੀ ਹਾਨੀਕਾਰਕ ਮੰਨਿਆ ਜਾਂਦਾ ਹੈ। ਚਿੱਟੇ ਰੰਗ ਦਾ ਹੋਣ ਕਰਕੇ ਇਸਨੂੰ ਆਟੇ ਵਿਚ ਮਿਲਾਉਣਾ ਸੌਖਾ ਹੋ ਜਾਂਦਾ ਹੈ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।