Rekha Birthday: ਆਪਣੇ 40 ਸਾਲਾਂ ਦੇ ਕਰੀਅਰ ਵਿੱਚ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਨੇ 180 ਤੋਂ ਵੱਧ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਰੇਖਾ 69 ਸਾਲ ਦੀ ਉਮਰ ਵਿੱਚ ਵੀ 40 ਸਾਲ ਦੀ ਹੀ ਲੱਗਦੀ ਹੈ। ਪਰ ਰੇਖਾ ਹਮੇਸ਼ਾ ਇੰਨੀ ਖੂਬਸੂਰਤ ਨਹੀਂ ਸੀ। ਆਪਣੀਆਂ ਫਿਲਮਾਂ ਦੀ ਸਫਲਤਾ ਦੇ ਬਾਵਜੂਦ, ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਸਨੂੰ ਅਕਸਰ ਉਸਦੀ ਦਿੱਖ ਕਾਰਨ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਉਸ ਨੂੰ ਮੋਟੀ ਅਤੇ ਬਦਸੂਰਤ ਵੀ ਕਿਹਾ ਜਾਂਦਾ ਸੀ। ਇਕ ਇੰਟਰਵਿਊ 'ਚ ਰੇਖਾ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦਿਨ ਉਨ੍ਹਾਂ ਲਈ ਕਾਫੀ ਮੁਸ਼ਕਲ ਰਹੇ ਸਨ ਅਤੇ ਉਨ੍ਹਾਂ ਨੂੰ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ 'ਚ ਸਿਮੀ ਗਰੇਵਾਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਰੇਖਾ ਨੇ ਖੁਲਾਸਾ ਕੀਤਾ ਸੀ ਕਿ ਆਪਣੇ ਵਜ਼ਨ ਕਾਰਨ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਪੈਰ ਜਮਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਦਾਕਾਰਾ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਉਸ ਨੇ ਆਪਣੇ ਲੁੱਕ 'ਤੇ ਕੰਮ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਕਾਰਨ ਉਸ ਨੇ ਗਲਤ ਤਰੀਕੇ ਵੀ ਅਪਣਾਏ ਸਨ। ਰੇਖਾ ਨੇ ਦੱਸਿਆ ਸੀ ਕਿ ਆਪਣੀ ਦਿੱਖ ਨੂੰ ਨਿਖਾਰਨ ਲਈ ਉਹ ਕਈ ਮਹੀਨਿਆਂ ਤੱਕ ਇਲਾਇਚੀ ਵਾਲਾ ਦੁੱਧ ਅਤੇ ਪੌਪਕਾਰਨ ਡਾਈਟ 'ਤੇ ਰਹੀ। ਉਸਨੇ ਕਿਹਾ ਸੀ ਕਿ ਉਹ ਇੱਕ ਪ੍ਰਫੈਕਟ ਬਾੱਡੀ ਬਣਾਉਣ ਦੀ ਇੱਛਾ ਵਿੱਚ ਭੁੱਖੀ ਰਹਿੰਦੀ ਸੀ। ਰੇਖਾ ਨੇ ਇੰਟਰਵਿਊ 'ਚ ਅੱਗੇ ਦੱਸਿਆ ਸੀ ਕਿ ਅਸਲ 'ਚ ਜੰਕ ਫੂਡ ਅਤੇ ਚਾਕਲੇਟ ਤੋਂ ਛੁਟਕਾਰਾ ਪਾਉਣ 'ਚ ਉਸ ਨੂੰ ਢਾਈ ਸਾਲ ਲੱਗ ਗਏ ਸਨ। ਕਿਉਂਕਿ ਇਹ ਉਸਦੇ ਮਨਪਸੰਦ ਸਨ। ਰੇਖਾ ਨੇ ਦੱਸਿਆ ਕਿ ਜਦੋਂ 1978 'ਚ ਫਿਲਮ 'ਘਰ' ਰਿਲੀਜ਼ ਹੋਈ ਤਾਂ ਉਸ ਦੇ ਬਦਲੇ ਹੋਏ ਸਰੀਰ ਨੂੰ ਦੇਖ ਕੇ ਲੋਕਾਂ ਨੇ ਸੋਚਿਆ ਕਿ ਇਹ ਸਭ ਕੁਝ ਰਾਤੋ-ਰਾਤ ਹੋ ਗਿਆ, ਪਰ ਇਹ ਰਾਤੋ-ਰਾਤ ਨਹੀਂ ਹੋਇਆ, ਇਸ 'ਚ ਮੈਨੂੰ ਢਾਈ ਸਾਲ ਲੱਗ ਗਏ। ਦੱਸ ਦੇਈਏ ਕਿ ਰੇਖਾ ਦਾ ਅਸਲੀ ਨਾਂ ਭਾਨੂਰੇਖਾ ਗਣੇਸ਼ਨ ਹੈ। ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1958 ਵਿੱਚ, ਰੇਖਾ ਨੇ ਫਿਲਮ ਇੰਟੀ ਗੁੱਟੂ ਵਿੱਚ ਇੱਕ ਬਾਲ ਕਲਾਕਾਰ ਵਜੋਂ ਕੰਮ ਕੀਤਾ।