ਹਵਾ ਪ੍ਰਦੂਸ਼ਣ ਨਾ ਸਿਰਫ਼ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ, ਸਗੋਂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ। ਇਹ ਚਿਤਾਵਨੀ ਏਮਜ਼ ਦੇ ਡਾਕਟਰ ਪੀਯੂਸ਼ ਰੰਜਨ ਨੇ ਦਿੱਤੀ ਹੈ ਤੇ ਇਸ ਨੂੰ ਸਾਬਤ ਕਰਨ ਲਈ ਸਬੂਤ ਮੌਜੂਦ ਹਨ। ਇਹ ਵੀ ਦੱਸਿਆ ਕਿ ਹਵਾ ਵਿੱਚ ਘੁਲਿਆ ਇਹ ਜ਼ਹਿਰ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਹੈ। ਦਿੱਲੀ ਅਤੇ ਭਾਰਤ ਦੇ ਕਈ ਹਿੱਸਿਆਂ ਦੀ ਹਵਾ ਇਸ ਸਮੇਂ ਜਾਨਲੇਵਾ ਬਣ ਚੁੱਕੀ ਹੈ। ਅਜਿਹੇ 'ਚ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਪ੍ਰਦੂਸ਼ਣ ਦਾ ਸਿੱਧਾ ਸਬੰਧ ਦਿਲ ਦਾ ਦੌਰਾ, ਬ੍ਰੇਨ ਸਟ੍ਰੋਕ, ਗਠੀਆ ਵਰਗੀਆਂ ਕੋਰੋਨਰੀ ਆਰਟਰੀ ਬਿਮਾਰੀਆਂ ਨਾਲ ਹੈ। ਹਵਾ ਪ੍ਰਦੂਸ਼ਣ ਡੀਐਨਏ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਕੈਂਸਰ ਦਾ ਮੁੱਖ ਕਾਰਨ ਹੈ। ਡੀਐਨਏ ਦੇ ਨੁਕਸਾਨ ਕਾਰਨ ਸਰੀਰ ਵਿੱਚ ਕੈਂਸਰ ਸੈੱਲ ਬਣਦੇ ਹਨ। ਹਵਾ ਪ੍ਰਦੂਸ਼ਣ ਸਰੀਰ ਵਿੱਚ ਸੋਜ ਵਧਾਉਂਦਾ ਹੈ ਅਤੇ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਇਸ ਕਾਰਨ ਸਰੀਰ ਕੈਂਸਰ ਨੂੰ ਨਸ਼ਟ ਕਰਨ ਦੇ ਸਮਰੱਥ ਨਹੀਂ ਰਹਿੰਦਾ। ਇੰਨਾ ਹੀ ਨਹੀਂ ਹਵਾ ਪ੍ਰਦੂਸ਼ਣ ਦਿਲ ਅਤੇ ਦਿਮਾਗ ਦੇ ਨਾਲ-ਨਾਲ ਗਰਭ 'ਚ ਪਲ ਰਹੇ ਭਰੂਣ ਲਈ ਵੀ ਨੁਕਸਾਨਦੇਹ ਹੈ। ਦਿੱਲੀ ਦੀ ਗੱਲ ਕਰੀਏ ਤਾਂ ਵਾਹਨਾਂ ਤੋਂ ਨਿਕਲਣ ਵਾਲੇ ਕਣ ਪੀਐਮ 2.5, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਇੱਥੋਂ ਦੀ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਹਨ।