ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦੇ ਸਫਲ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਕਰੀਅਰ ਨੂੰ ਸਮਾਜ ਭਲਾਈ ਦੇ ਕੰਮ ਕਰਨ ਲਈ ਕੁਰਬਾਨ ਕੀਤਾ। ਹੁਣ ਉਹ ਨਿਰਸੁਆਰਥ ਮਨ ਦੇ ਨਾਲ ਲੋਕ ਸੇਵਾ 'ਚ ਰੁੱਝਿਆ ਹੋਇਆ ਹੈ ਅਤੇ ਪੰਜਾਬ ਦੇ ਨਾਲ ਨਾਲ ਦੁਨੀਆ ਭਰ ਵਿੱਚ ਉਸ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ। ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸਰਕਾਰ ਨੇ ਅਨਮੋਲ ਕਵਾਤਰਾ ਦਾ ਖਾਸ ਸਨਮਾਨ ਕੀਤਾ ਹੈ। ਇਸ ਦੇ ਲਈ ਉਸ ਨੂੰ ਖਾਸ ਸਰਟੀਫਿਕੇਟ ਵੀ ਦਿੱਤਾ ਗਿਆ ਹੈ, ਜਿਸ 'ਤੇ ਬਰੈਂਪਟਨ ਦੇ ਐਮਪੀ ਵਿਕ ਢਿੱਲੋਂ ਦੇ ਸਾਈਨ ਹਨ। ਢਿੱਲੋਂ ਨੇ ਓਨਟਾਰੀਓ ਦੀ ਸਰਕਾਰ ਵੱਲੋਂ ਕਵਾਤਰਾ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਹੈ। ਓਨਟਾਰੀਓ ਦੀ ਸਰਕਾਰ ਨੇ ਆਂਪਣੇ ਸੰਦੇਸ਼ 'ਚ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਵਾਤਰਾ ਇਸੇ ਤਰ੍ਹਾਂ ਤਨਦੇਹੀ ਨਾਲ ਲੋਕ ਭਲਾਈ ਦੇ ਕੰਮ ਕਰਦਾ ਰਹੇ। ਇਸ ਸਰਟੀਫਿਕੇਟ ਨੂੰ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਸ ਨੂੰ ਸ਼ੇਅਰ ਕਰਦਿਆਂ ਉਸ ਨੇ ਮੈਸੇਜ ਲਿਿਖਿਆ, 'ਕੈਨੇਡਾ ਦੀ ਸਰਕਾਰ ਦਾ ਧੰਨਵਾਦ। ਔਕਾਤ ਨਾਲੋਂ ਵੱਧ ਪਿਆਰ।' ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੂਰੀ ਤਨਦੇਹੀ ਦੇ ਨਾਲ ਸਮਾਜਸੇਵਾ ਦਾ ਕੰਮ ਕਰ ਰਿਹਾ ਹੈ। ਇਸ ਦੇ ਲਈ ਉਸ ਨੇ ਆਪਣਾ ਕਰੀਅਰ ਵੀ ਕੁਰਬਾਨ ਕਰ ਦਿੱਤਾ ਸੀ। ਇਸ ਸਾਲ ਪੰਜਾਬ ਜਦੋਂ ਹੜ੍ਹ ਆਏ ਸੀ, ਉਸ ਸਮੇਂ ਵੀ ਉਸ ਨੇ ਪੂਰੇ ਤਨ ਮਨ ਦੇ ਨਾਲ ਇਨਸਾਨੀਅਤ ਦੀ ਸੇਵਾ ਕੀਤੀ ਸੀ।