ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਸਮਾਜ ਸੇਵਾ ਦੇ ਨਾਲ ਨਾਲ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਹ ਸਮੇਂ ਸਮੇਂ 'ਤੇ ਪੰਜਾਬ ਸਰਕਾਰ ਖਿਲਾਫ ਬੋਲਦਾ ਰਹਿੰਦਾ ਹੈ। ਉਸ ਨੇ ਕਈ ਵਾਰ ਸਿਹਤ ਸਿਸਟਮ ਨੂੰ ਲੈਕੇ ਸਰਕਾਰ 'ਤੇ ਸਵਾਲ ਚੁੱਕੇ ਹਨ। ਹੁਣ ਫਿਰ ਤੋਂ ਅਨਮੋਲ ਨੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਇਹੀ ਨਹੀਂ ਉਹ ਭਾਨੇ ਸਿੱਧੂ ਨੂੰ ਲੈਕੇ ਵੀ ਕਾਫੀ ਗੁੱਸੇ 'ਚ ਨਜ਼ਰ ਆਇਆ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕੀ ਬੋਲਿਆ। ਅਨਮੋਲ ਨੇ ਉਨ੍ਹਾਂ ਲੋਕਾਂ ਦੀ ਵੀਡੀਓ ਸ਼ੇਅਰ ਕੀਤੀ, ਜੋ ਭਾਨਾ ਸਿੱਧੂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਸੀ। ਇਸ ਦਰਮਿਆਨ ਉਨ੍ਹਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ। ਅਨਮੋਲ ਨੇ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਪੰਜਾਬ 'ਚ ਇਹੋ ਜਿਹਾ ਮਾਹੌਲ ਬਣ ਗਿਆ। ਉਸ ਨੂੰ ਇਹ ਸਭ ਦੇਖ ਕੇ ਰੋਣਾ ਆ ਰਿਹਾ ਹੈ। ਅਨਮੋਲ ਨੇ ਸੀਐਮ ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਬੋਲਦੇ ਨਜ਼ਰ ਆ ਰਹੇ ਸੀ ਕਿ 26 ਜਨਵਰੀ ਤੋਂ ਬਾਅਦ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਹਸਪਤਾਲਾਂ ਤੋਂ ਬਾਹਰ ਨਹੀਂ ਜਾਣਾ ਪਵੇਗਾ। ਬਲਕਿ ਉਨ੍ਹਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ। ਇਸ ਤੋਂ ਬਾਅਦ ਅਨਮੋਲ ਨੇ ਇੱਕ ਮਰੀਜ਼ ਦੀ ਤਾਜ਼ਾ ਪਰਚੀ ਵੀ ਦਿਖਾਈ ਜੋ 26 ਜਨਵਰੀ ਤੋਂ ਬਾਅਦ ਦੀ ਹੈ। ਉਹ ਬੋਲਿਆ ਕਿ ਸਿਸਟਮ 'ਚ ਕੁੱਝ ਵੀ ਤਬਦੀਲੀ ਨਹੀਂ ਆਈ ਹੈ। ਹਸਪਤਾਲ ਮਰੀਜ਼ਾਂ ਨਾਲ ਉਵੇਂ ਹੀ ਲੱੁਟ ਕਰ ਰਹੇ ਹਨ। ਆਪਣੇ 7 ਮਿੰਟਾਂ ਦੇ ਲਾਈਵ ਵੀਡੀਓ 'ਚ ਅਨਮੋਲ ਕਵਾਤਰਾ ਨੇ ਭਾਨੇ ਬਾਰੇ ਕਿਹਾ ਕਿ ਉਸ ਦਾ ਤਰੀਕਾ ਭਾਵੇਂ ਗਲਤ ਹੋ ਸਕਦਾ ਹੈ, ਪਰ ਸਰਕਾਰ ਨੂੰ ਚਾਹੀਦਾ ਸੀ ਕਿ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੰਦੇ, ਪਰ ਉਸ ਦੇ ਨਾਲ ਜੋ ਸਭ ਕੁੱਝ ਹੋ ਰਿਹਾ ਹੈ, ਉਹ ਸਭ ਧੱਕਾ ਹੈ। ਦੇਖੋ ਇਹ ਵੀਡੀਓ: