ਨੇਲ ਪਾਲਿਸ਼ ਜਿੱਥੇ ਤੁਹਾਡੇ ਹੱਥਾਂ ਨੂੰ ਖੂਬਸੂਰਤ ਬਣਾਉਂਦੀ ਹੈ, ਉੱਥੇ ਹੀ ਇਸ ਨਾਲ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਖੂਬਸੂਰਤ ਨੇਲ ਪਾਲਿਸ਼ਾਂ 'ਚ ਕਈ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਵੱਡਾ ਖਤਰਾ ਹਨ। ਨੇਲ ਪਾਲਿਸ਼ ਵਿੱਚ ਫਾਰਮਲਡੀਹਾਈਡ, ਟੋਲਿਊਨ ਅਤੇ ਡਿਪ੍ਰੋਪਾਈਲ ਫਥਲੇਟ ਵਰਗੇ ਕਈ ਰਸਾਇਣ ਪਾਏ ਜਾਂਦੇ ਹਨ। ਇਹ ਸਾਰੇ ਰਸਾਇਣ ਸਿਹਤ ਲਈ ਬਹੁਤ ਹਾਨੀਕਾਰਕ ਹਨ। ਲਗਾਤਾਰ ਅਤੇ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਚਮੜੀ 'ਤੇ ਐਲਰਜੀ, ਸੋਜ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਾਲਿਸ਼ ਰਿਮੂਵਰ ਵੀ ਹਾਨੀਕਾਰਕ ਰਸਾਇਣਾਂ ਨਾਲ ਬਣੇ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਸਕਦੀ ਹੈ। ਨੇਲ ਪਾਲਿਸ਼ 'ਚ ਮੌਜੂਦ ਕੈਮੀਕਲ ਸਾਹ ਸੰਬੰਧੀ ਸਮੱਸਿਆਵਾਂ ਨੂੰ ਸੱਦਾ ਦੇ ਸਕਦੇ ਹਨ ਨੇਲ ਪਾਲਿਸ਼ 'ਚ ਮੌਜੂਦ ਟੋਲਿਊਨ, ਫਾਰਮਾਲਡੀਹਾਈਡ ਅਤੇ ਡਾਈਥਾਈਲ ਫਥਾਲੇਟ ਵਰਗੇ ਕੈਮੀਕਲ ਸਰੀਰ ਦੇ ਹੋਰ ਹਿੱਸਿਆਂ ਵਾਂਗ ਦਿਮਾਗ ਤੱਕ ਪਹੁੰਚਦੇ ਹਨ। ਇਹ ਰਸਾਇਣ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਦਿਮਾਗ ਵਿੱਚ ਖੂਨ ਸੰਚਾਰ ਵਿੱਚ ਵਿਘਨ ਪੈਂਦਾ ਹੈ। ਇਸ ਨਾਲ ਗੰਭੀਰ ਸਿਰ ਦਰਦ ਹੋ ਸਕਦਾ ਹੈ। ਕਈ ਲੋਕਾਂ ਨੂੰ ਨੇਲ ਪਾਲਿਸ਼ ਕਾਰਨ ਜੀਅ ਕੱਚਾ ਹੋਣ ਅਤੇ ਉਲਟੀਆਂ ਵੀ ਹੋਣ ਲੱਗਦੀਆਂ ਹਨ। ਨੇਲ ਪਾਲਿਸ਼ ਵਿਚ ਪਾਏ ਜਾਣ ਵਾਲੇ ਰਸਾਇਣ ਗਰਭਵਤੀ ਔਰਤਾਂ ਲਈ ਹੋਰ ਵੀ ਖਤਰਨਾਕ ਹੋ ਸਕਦੇ ਨੇ, ਕਿਉਂਕਿ ਇਹ ਭਰੂਣ ਤੱਕ ਪਹੁੰਚ ਸਕਦੇ ਹਨ ਅਤੇ ਬੱਚੇ ਦੇ ਸਰੀਰ 'ਚ ਨੁਕਸ ਪੈਦਾ ਕਰ ਸਕਦੇ ਹਨ।