Trolly Bags Banned : Trolly Bags, ਜਿਨ੍ਹਾਂ ਨੂੰ ਪਹੀਏ ਵਾਲੇ ਸੂਟਕੇਸ ਵੀ ਕਿਹਾ ਜਾਂਦਾ ਹੈ, ਜਿਸ ਦਾ ਰੁਝਾਨ ਆਮ ਤੌਰ 'ਤੇ ਬੱਸ, ਰੇਲ ਜਾਂ ਫਲਾਈਟ ਦੇ ਸਫ਼ਰ ਵਿੱਚ ਬਹੁਤ ਮਸ਼ਹੂਰ ਹੈ। ਪਰ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਤੁਸੀਂ ਇਸ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੇ। ਇੱਕ ਸ਼ਹਿਰ ਵਿੱਚ ਇਸ ਆਰਾਮਦਾਇਕ ਪਹੀਏ ਵਾਲੇ ਸੂਟਕੇਸ 'ਤੇ ਪਾਬੰਦੀ ਲਾਈ ਗਈ ਹੈ। ਹੁਣ ਉਸ ਸ਼ਹਿਰ 'ਚ ਟਰਾਲੀ ਬੈਗ ਲੈ ਕੇ ਆਉਣ 'ਤੇ ਭਾਰੀ ਜੁਰਮਾਨਾ ਲੱਗੇਗਾ। ਡਬਰੋਵਨਿਕ ਸ਼ਹਿਰ (Dubrovnik, Croatia) ਯੂਰਪੀ ਦੇਸ਼ ਕਰੋਸ਼ੀਆ ਦਾ ਇੱਕ ਆਕਰਸ਼ਕ ਅਤੇ ਸੁੰਦਰ ਸ਼ਹਿਰ ਹੈ। ਇਹ ਇੱਕ ਪੁਰਾਣਾ ਸ਼ਹਿਰ ਹੈ ਜਿੱਥੇ ਇਮਾਰਤਾਂ, ਸੜਕਾਂ ਅਤੇ ਢਾਂਚੇ ਪੁਰਾਤਨਤਾ ਦੀ ਨਿਸ਼ਾਨਦੇਹੀ ਕਰਦੇ ਹਨ। ਹਰ ਸਾਲ ਬਹੁਤ ਸਾਰੇ ਸੈਲਾਨੀ ਇਸ ਸ਼ਹਿਰ ਦੀ ਸੁੰਦਰਤਾ ਨੂੰ ਦੇਖਣ ਲਈ ਇੱਥੇ ਆਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡੁਬਰੋਵਨਿਕ ਪ੍ਰਸ਼ਾਸਨ ਨੇ ਪਹੀਆ ਸੂਟਕੇਸ ਭਾਵ ਟਰਾਲੀ ਬੈਗ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸ਼ਹਿਰ ਵਿੱਚ ਪਹੀਏ ਵਾਲੇ ਸੂਟਕੇਸਾਂ 'ਤੇ ਪਾਬੰਦੀ ਦਾ ਕਾਰਨ ਕਾਫ਼ੀ ਅਜੀਬ ਹੈ। ਇੱਥੇ ਬਹੁਤ ਸਾਰੀਆਂ ਗਲੀਆਂ ਅਤੇ ਸੜਕਾਂ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ ਅਤੇ ਬਹੁਤ ਪੁਰਾਣੀਆਂ ਲੱਗਦੀਆਂ ਹਨ। ਜਦੋਂ ਸੈਲਾਨੀ ਇੱਥੇ ਆਉਂਦੇ ਹਨ, ਤਾਂ ਉਹ ਇਨ੍ਹਾਂ ਸੜਕਾਂ 'ਤੇ ਆਪਣੇ ਬੈਗ ਲੈ ਕੇ ਜਾਂਦੇ ਹਨ। ਪਹੀਏ ਵਾਲਾ ਸੂਟਕੇਸ ਸੜਕ 'ਤੇ ਚਲਦੇ ਸਮੇਂ ਸ਼ੋਰ ਮਚਾਉਂਦਾ ਹੈ। ਰਾਤ ਨੂੰ ਇਹ ਸ਼ੋਰ ਹੋਰ ਵੀ ਵੱਧ ਜਾਂਦਾ ਹੈ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ। ਇਸ ਅਸੁਵਿਧਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ। ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਇਨ੍ਹਾਂ ਬੈਗਾਂ 'ਤੇ ਪਾਬੰਦੀ ਲਾ ਕੇ ਹੱਲ ਲੱਭ ਲਿਆ ਹੈ। ਮੇਅਰ ਮੈਟਿਓ ਫਰੈਂਕੋਵਿਚ ਨੇ ਇਸ ਨਵੇਂ ਨਿਯਮ ਨੂੰ ਲਾਗੂ ਕੀਤਾ ਹੈ। ਹੁਣ ਜੇ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਕੇ ਟਰਾਲੀ ਬੈਗ ਲੈ ਕੇ ਘੁੰਮਦਾ ਪਾਇਆ ਗਿਆ ਤਾਂ ਉਸ ਨੂੰ 23 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਹ ਜੁਰਮਾਨਾ ‘ਰਿਸਪੇਕਟ ਦਿ ਸਿਟੀ’ ਮੁਹਿੰਮ ਤਹਿਤ ਲਾਇਆ ਜਾਵੇਗਾ।