ਭਗਵੰਤ ਮਾਨ ਇੱਕ ਅਜਿਹਾ ਨਾਮ ਹੈ ਜਿਸਨੇ ਮਨੋਰੰਜਨ ਦੀ ਦੁਨੀਆ ਤੋਂ ਲੈ ਕੇ ਰਾਜਨੀਤੀ ਦੀ ਦੁਨੀਆ ਤੱਕ ਸਫਲਤਾ ਦਾ ਝੰਡਾ ਬੁਲੰਦ ਕੀਤਾ ਹੈ।



ਉਨ੍ਹਾਂਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੋਜ ਵਿੱਚ ਹੋਇਆ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ।



ਅੱਜ ਮੁੱਖ ਮੰਤਰੀ ਵਜੋਂ ਇੱਕ ਸਾਲ ਪੂਰਾ ਹੋਣ 'ਤੇ ਆਓ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ।



ਮਾਨ ਨੇ ਮੁੱਢਲੀ ਵਿੱਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਸਕੂਲ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲੈ ਲਿਆ।



ਇੱਥੋਂ ਹੀ ਉਨ੍ਹਾਂ ਨੇ ਕਲਾਕਾਰੀ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਿਆ। ਸ਼ੁਰੂਆਤੀ ਦਿਨਾਂ ਵਿੱਚ ਮਾਨ ਇੱਕ ਕਾਮੇਡੀਅਨ ਦੇ ਤੌਰ 'ਤੇ ਆਪਣੇ ਚੁਟਕਲਿਆਂ ਨਾਲ ਲੋਕਾਂ ਨੂੰ ਖੂਬ ਹਸਾਇਆ।



ਕਿਹਾ ਜਾਂਦਾ ਹੈ ਕਿ ਉਹ ਟੀਵੀ ਐਂਕਰਾਂ ਦੀ ਬਹੁਤ ਚੰਗੀ ਤਰ੍ਹਾਂ ਨਕਲ ਕਰਦੇ ਸਨ।



ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਬਦੀਲੀ ਲਿਆਉਣ ਦਾ ਸਿਹਰਾ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਨੂੰ ਜਾਂਦਾ ਹੈ।



ਸਾਲ 2006 ਵਿੱਚ ਪ੍ਰਸਾਰਿਤ ਹੋਏ ਇਸ ਸ਼ੋਅ ਵਿੱਚ ਮਾਨ ਦੀ ਕਾਮਿਕ ਟਾਈਮਿੰਗ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਹ ਸ਼ੋਅ ਨਹੀਂ ਜਿੱਤ ਸਕੇ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਵਧ ਗਈ।



ਭਗਵੰਤ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਹ ਸੰਗਰੂਰ ਸੀਟ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੇ ਅਤੇ ਜਿੱਤੇ।



2017 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਉਨ੍ਹਾਂ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਤਤਕਾਲੀ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਲੜੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ।