Wholesale Price Index: ਮਾਰਚ ਵਿਚ ਥੋਕ ਮਹਿੰਗਾਈ ਦਰ ਵਿਚ ਗਿਰਾਵਟ ਦੇਖੀ ਗਈ ਹੈ ਤੇ ਇਹ 2 ਫੀਸਦੀ ਦੇ ਅੰਕੜੇ ਤੋਂ ਹੇਠਾ ਆ ਗਈ ਹੈ। ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਥੋਕ ਮਹਿੰਗਾਈ ਮਾਰਚ 'ਚ 1.34 ਫੀਸਦੀ ਰਹੀ, ਜਦਕਿ ਪਿਛਲੇ ਮਹੀਨੇ ਇਹ 3.85 ਫੀਸਦੀ ਸੀ। ਕੀ ਸੀ ਫਰਵਰੀ ਤੇ ਜਨਵਰੀ 'ਚ ਥੋਕ ਮਹਿੰਗਾਈ ਦਰ : ਫਰਵਰੀ ਮਹੀਨੇ 'ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 3.85 ਫੀਸਦੀ ਸੀ ਅਤੇ ਪਿਛਲੇ ਮਹੀਨੇ ਭਾਵ ਜਨਵਰੀ 2023 'ਚ ਥੋਕ ਮਹਿੰਗਾਈ ਦਰ 4.73 ਫੀਸਦੀ ਸੀ। ਖੁਰਾਕੀ ਮਹਿੰਗਾਈ 'ਚ ਵੱਡੀ ਗਿਰਾਵਟ : ਥੋਕ ਮਹਿੰਗਾਈ ਦਰ ਵਿੱਚ ਇਹ ਗਿਰਾਵਟ ਮੁੱਖ ਤੌਰ 'ਤੇ ਖੁਰਾਕੀ ਵਸਤਾਂ ਦੀ ਘੱਟ ਮਹਿੰਗਾਈ ਦਰ ਕਾਰਨ ਆਈ ਹੈ। ਮਾਰਚ 'ਚ ਖੁਰਾਕੀ ਮਹਿੰਗਾਈ ਦਰ 2.32 ਫੀਸਦੀ 'ਤੇ ਆ ਗਈ ਹੈ। ਇਸ ਦੇ ਪਿਛਲੇ ਮਹੀਨੇ ਭਾਵ ਫਰਵਰੀ 'ਚ ਖੁਰਾਕੀ ਮਹਿੰਗਾਈ ਦਰ 2.76 ਫੀਸਦੀ 'ਤੇ ਸੀ। ਕੀ ਕਾਰਨ ਹੈ ਥੋਕ ਮਹਿੰਗਾਈ 'ਚ ਗਿਰਾਵਟ ਦਾ : ਬੇਸਿਕ ਧਾਤਾਂ, ਖੁਰਾਕੀ ਵਸਤਾਂ, ਟੈਕਸਟਾਈਲ, ਗੈਰ-ਭੋਜਨ ਵਸਤੂਆਂ, ਖਣਿਜ, ਰਬੜ ਅਤੇ ਪਲਾਸਟਿਕ ਉਤਪਾਦਾਂ, ਕੱਚੇ-ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਨਾਲ-ਨਾਲ ਕਾਗਜ਼ ਅਤੇ ਕਾਗਜ਼ੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਇਸ ਵਾਰ ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਆਈ ਹੈ। ਉਦਯੋਗ ਅਤੇ ਵਣਜ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ ਫਰਵਰੀ ਵਿਚ 14.82 ਫੀਸਦੀ ਤੋਂ ਘੱਟ ਕੇ ਮਾਰਚ ਵਿਚ 8.96 ਫੀਸਦੀ ਰਹਿ ਗਈ ਹੈ। ਨਿਰਮਾਣ ਉਤਪਾਦਾਂ ਦੀ ਮਹਿੰਗਾਈ ਫਰਵਰੀ ਵਿਚ 1.94 ਫੀਸਦੀ ਤੋਂ ਘੱਟ ਕੇ ਮਾਰਚ ਵਿਚ 0.77 ਫੀਸਦੀ ਰਹਿ ਗਈ।