ਹਿੰਦੀ ਸਿਨੇਮਾ ਦੀ ਸੁਪਰਸਟਾਰ ਅਨੁਸ਼ਕਾ ਸ਼ਰਮਾ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਅਨੁਸ਼ਕਾ ਸ਼ਰਮਾ ਆਪਣੀ ਦਮਦਾਰ ਐਕਟਿੰਗ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਪਰ ਪਿਛਲੇ ਸਮੇਂ ਤੋਂ ਅਨੁਸ਼ਕਾ ਦਾ ਨਾਂ 2012-13 ਅਤੇ 2013-14 ਦੀ ਮਿਆਦ ਲਈ ਸੇਲ ਟੈਕਸ ਨੋਟਿਸ ਨੂੰ ਲੈ ਕੇ ਸੁਰਖੀਆਂ 'ਚ ਹੈ। ਕੁਝ ਸਮਾਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਇਸ ਸੇਲ ਟੈਕਸ ਨੋਟਿਸ ਦੇ ਖਿਲਾਫ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਰ ਹੁਣ ਬੰਬੇ ਹਾਈ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਅਨੁਸ਼ਕਾ ਸ਼ਰਮਾ ਦੀਆਂ ਮੁਸ਼ਕਿਲਾਂ ਵਧਾਉਣ ਵਾਲਾ ਫੈਸਲਾ ਸੁਣਾ ਦਿੱਤਾ ਹੈ। ਇਸ ਦੇ ਨਾਲ ਨਾਲ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਨੁਸ਼ਕਾ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਈ ਟਾਈਮਜ਼ ਦੀ ਖਬਰ ਮੁਤਾਬਕ ਅਨੁਸ਼ਕਾ ਸ਼ਰਮਾ ਸੇਲ ਟੈਕਸ ਨੋਟਿਸ ਮਾਮਲੇ ਨੂੰ ਲੈ ਕੇ ਬੰਬੇ ਹਾਈ ਕੋਰਟ 'ਚ ਹਾਲ ਹੀ 'ਚ ਸੁਣਵਾਈ ਹੋਈ। ਜਿਸ ਕਾਰਨ ਜਸਟਿਸ ਨਿਤਿਨ ਜਮਦਾਰ ਅਤੇ ਜਸਟਿਸ ਅਭੈ ਆਹੂਜਾ ਦੀ ਬੈਂਚ ਨੇ ਅਦਾਕਾਰਾ ਦੀਆਂ ਦਲੀਲਾਂ ਨੂੰ ਅਣਉਚਿਤ ਕਰਾਰ ਦਿੱਤਾ ਹੈ। ਅਦਾਲਤ ਨੇ ਅਨੁਸ਼ਕਾ ਸ਼ਰਮਾ ਦੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਉਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਅੱਗੇ ਅਪੀਲ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ - ਜਦੋਂ ਸਾਲਸੀ ਦਾ ਪੂਰਾ ਇੰਤਜ਼ਾਮ ਹੈ ਤਾਂ ਫਿਰ ਉਹ ਸਿੱਧੇ ਹਾਈ ਕੋਰਟ ਕਿਉਂ ਆਏ ਹਨ। ਅਨੁਸ਼ਕਾ ਸ਼ਰਮਾ ਨੇ 2012 ਤੋਂ 2016 ਦਰਮਿਆਨ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਦੇ ਚਾਰ ਆਦੇਸ਼ਾਂ ਨੂੰ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਐਕਟ ਦੇ ਤਹਿਤ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜੋ ਮੁਲਾਂਕਣ ਸਾਲਾਂ ਲਈ ਟੈਕਸ ਦੀ ਮੰਗ ਨਾਲ ਸਬੰਧਤ ਸਨ।