ਮਾਰਸ਼ਲ ਆਰਟਸ ਦੇ ਸੁਪਰਸਟਾਰ ਅਤੇ ਫਿਲਮ ਨਿਰਦੇਸ਼ਕ ਬਰੂਸ ਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਰਹੇ ਹਨ। ਉਹ ਕਲਾਕਾਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਸੀ। ਬਰੂਸ ਲੀ ਆਪਣੀ ਕਾਬਲੀਅਤ ਦੇ ਦਮ 'ਤੇ ਬਹੁਤ ਹੀ ਘੱਟ ਸਮੇਂ 'ਚ ਮਸ਼ਹੂਰ ਹੋ ਗਏ ਸਨ, ਪਰ ਉਹ ਆਪਣੀ ਲੋਕਪ੍ਰਿਅਤਾ ਅਤੇ ਸਟਾਰਡਮ ਨੂੰ ਜ਼ਿਆਦਾ ਨਹੀਂ ਦੇਖ ਸਕੇ। ਬਰੂਸ ਦੀ ਸਿਰਫ਼ 32 ਸਾਲ ਦੀ ਉਮਰ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਤਾਂ ਅੱਜ ਅਸੀਂ ਤੁਹਾਨੂੰ ਮਰਹੂਮ ਅਦਾਕਾਰ ਦੇ ਨਾਲ ਜੁੜਿਆ ਹੈਰਾਨ ਕਰ ਦੇਣ ਵਾਲਾ ਤੱਥ ਦੱਸਣ ਜਾ ਰਹੇ ਹਾਂ। ਹੁਣ ਤੱਕ ਦੁਨੀਆ ਨੂੰ ਪਤਾ ਸੀ ਕਿ ਬਰੂਸ ਲੀ ਦੀ ਮੌਤ ਸੇਰੇਬ੍ਰਲ ਐਡੀਮਾ (ਦਿਮਾਗ ਦੀ ਸੋਜ) ਕਾਰਨ ਹੋਈ ਸੀ ਪਰ ਪਿਛਲੇ ਸਾਲ ਬਰੂਸ ਲੀ ਦੀ ਮੌਤ ਨੂੰ ਲੈਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਸੀ। ਰਿਪੋਰਟ ਮੁਤਾਬਕ ਵਿਗਿਆਨੀਆਂ ਦੀ ਟੀਮ ਦਾ ਕਹਿਣਾ ਹੈ ਕਿ ਬਰੂਸ ਲੀ ਦੀ ਮੌਤ ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਹੋਈ ਸੀ। ਕਲੀਨਿਕਲ ਕਿਡਨੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ, ਵਿਗਿਆਨੀਆਂ ਨੇ ਲਿਖਿਆ, ਗੁਰਦਿਆਂ ਦੀ ਵਾਧੂ ਪਾਣੀ ਕੱਢਣ ਵਿੱਚ ਅਸਮਰੱਥਾ ਕਰਕੇ ਬਰੂਸ ਲੀ ਦੀ ਮੌਤ ਹੋ ਗਈ ਸੀ। ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਕੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਰੂਸ ਲੀ ਪਹਿਲੀ ਵਾਰ ਹਾਲੀਵੁੱਡ ਫਿਲਮ ‘ਐਂਟਰ ਦ ਡਰੈਗਨ’ ਵਿੱਚ ਚੀਨੀ-ਅਮਰੀਕੀ ਮੁੱਖ ਅਦਾਕਾਰ ਵਜੋਂ ਨਜ਼ਰ ਆਏ ਸਨ, ਇਹ ਫਿਲਮ ਬਲਾਕਬਸਟਰ ਹਿੱਟ ਰਹੀ ਸੀ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਮਾਰਸ਼ਲ ਆਰਟ ਦੇ ਸੁਪਰਸਟਾਰ ਦੀ ਹਾਂਗਕਾਂਗ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।