ਅਮਰੀਕਾ ਦੁਨੀਆ ਨੂੰ ਜ਼ਹਿਰੀਲੇ ਚੌਲ ਖੁਆ ਰਿਹਾ ਹੈ। ਇਸ ਬਾਰੇ ਇੱਕ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।



ਰਿਪੋਰਟ ਮੁਤਾਬਕ ਵਾਸ਼ਿੰਗਟਨ ਤੋਂ ਬਰਾਮਦ ਕੀਤੇ ਗਏ ਚੌਲਾਂ 'ਚ ਆਰਸੈਨਿਕ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ। ਅਮਰੀਕਾ ਦੁਆਰਾ ਨਿਰਯਾਤ ਕੀਤੇ ਜਾਣ ਵਾਲੇ ਚੌਲਾਂ ਵਿੱਚ ਵੱਡੀ ਮਾਤਰਾ ਵਿੱਚ ਆਰਸੈਨਿਕ, ਕੈਡਮੀਅਮ ਤੇ ਭਾਰੀ ਧਾਤਾਂ ਪਾਈਆਂ ਗਈਆਂ ਹਨ।



ਇਨ੍ਹਾਂ ਚੌਲਾਂ ਦੀ ਅਮਰੀਕਾ ਦੇ ਅਰਕਨਸਾਸ ਤੇ ਟੈਕਸਾਸ ਰਾਜਾਂ ਤੋਂ ਬਰਾਮਦ ਕੀਤੀ ਗਈ ਹੈ।



ਹੈਤੀ ਨੂੰ ਭੇਜੇ ਗਏ ਚੌਲਾਂ ਦੇ ਸੈਂਪਲ
ਰਿਪੋਰਟ ਮੁਤਾਬਕ ਇਹ ਧਾਤਾਂ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਹਨ। ਇਨ੍ਹਾਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਨੇ ਇਹ ਖੁਲਾਸਾ ਕੀਤਾ ਹੈ।



ਖੋਜ ਟੀਮ ਨੇ ਇਹ ਸੈਂਪਲ ਹੈਤੀ ਭੇਜੇ ਗਏ ਚੌਲਾਂ ਦੀ ਖੇਪ ਤੋਂ ਲਏ ਸਨ। ਹੈਤੀ ਚੌਲਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਉਸ ਨੇ ਅਮਰੀਕਾ ਤੋਂ ਚੌਲ ਦਰਾਮਦ ਕਰਨ ਦਾ ਰਸਤਾ ਚੁਣਿਆ ਸੀ।



ਅਮਰੀਕਾ ਵੱਲੋਂ ਸਬਸਿਡੀ ਦਿੱਤੀ ਜਾਂਦੀ
ਰਿਪੋਰਟ ਮੁਤਾਬਕ ਅਮਰੀਕਾ ਤੋਂ ਆਉਣ ਵਾਲੇ ਚੌਲਾਂ 'ਚ ਭਾਰੀ ਧਾਤਾਂ ਦੀ ਮਾਤਰਾ ਹੈਤੀ 'ਚ ਪੈਦਾ ਹੋਣ ਵਾਲੇ ਚੌਲਾਂ ਤੋਂ ਕਿਤੇ ਜ਼ਿਆਦਾ ਸੀ।



ਅਮਰੀਕਾ ਦੇ ਐਫਡੀਏ ਤੇ ਵਿਦੇਸ਼ ਵਿਭਾਗ ਨੇ ਅਜੇ ਤੱਕ ਉਕਤ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਮਿਸ਼ੀਗਨ ਦੀ ਖੋਜ ਟੀਮ ਨੇ ਕਿਹਾ ਕਿ ਹੈਤੀ ਆਪਣੀ ਜ਼ਰੂਰਤ ਦਾ 90 ਫੀਸਦੀ ਚੌਲ ਅਮਰੀਕਾ ਤੋਂ ਦਰਾਮਦ ਕਰਦਾ ਹੈ।



ਹੈਤੀ ਦੀ ਸਿਆਸੀ ਸਥਿਤੀ ਤੇ ਗਰੀਬੀ ਦੇ ਮੱਦੇਨਜ਼ਰ ਅਮਰੀਕਾ ਨੇ 1990 ਦੇ ਦਹਾਕੇ ਵਿੱਚ ਸਬਸਿਡੀਆਂ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੈਤੀ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਚੌਲਾਂ ਦੀ ਖਰੀਦ ਕਰ ਰਿਹਾ ਹੈ।



ਮਨੁੱਖੀ ਸਿਹਤ ਨੂੰ ਕਰੇਗਾ ਪ੍ਰਭਾਵਿਤ
ਮਿਸ਼ੀਗਨ ਯੂਨੀਵਰਸਿਟੀ ਦੀ ਖੋਜ ਟੀਮ ਨੇ ਕੈਡਮੀਅਮ ਤੇ ਆਰਸੈਨਿਕ ਦੇ ਪੱਧਰ ਨੂੰ ਖਤਰਨਾਕ ਦੱਸਿਆ ਹੈ ਤੇ ਘੱਟ ਗੁਣਵੱਤਾ ਵੱਲ ਇਸ਼ਾਰਾ ਕੀਤਾ ਹੈ।



ਇਸ ਰਿਪੋਰਟ ਵਿੱਚ ਅਮਰੀਕਾ ਦੇ ਟੈਕਸਾਸ, ਅਰਕਨਸਾਸ ਤੇ ਲੁਈਸਿਆਨਾ ਰਾਜਾਂ ਨੂੰ ਸਭ ਤੋਂ ਵੱਧ ਚੌਲ ਨਿਰਯਾਤ ਕਰਨ ਵਾਲੇ ਰਾਜ ਐਲਾਨਿਆ ਗਿਆ ਹੈ।



ਇਹ ਖੋਜ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਇਹ ਜ਼ਹਿਰੀਲੇ ਰਸਾਇਣ ਕੁਦਰਤੀ ਤੇ ਮਨੁੱਖ ਦੁਆਰਾ ਬਣਾਏ ਸਰੋਤਾਂ ਤੋਂ ਪਾਣੀ ਤੇ ਭੋਜਨ ਨੂੰ ਪ੍ਰਭਾਵਿਤ ਕਰ ਸਕਦੇ ਹਨ।