ਭਾਰਤੀ ਚੌਲ ਉਤਪਾਦਕਾਂ ਤੇ ਚੌਲ ਕਾਰੋਬਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੌਲਾਂ 'ਤੇ ਟੈਰਿਫ ਸਖ਼ਤ ਕਰਨ ਦਾ ਸੰਕੇਤ ਦਿੱਤਾ ਹੈ।

ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੂੰ ਆਪਣੇ ਚੌਲ ਅਮਰੀਕੀ ਬਾਜ਼ਾਰ ਵਿੱਚ ਡੰਪ ਨਹੀਂ ਕਰਨੇ ਚਾਹੀਦੇ।

ਉਨ੍ਹਾਂ ਅੱਗੇ ਕਿਹਾ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਜਿਹਾ ਨਾ ਹੋਵੇ। ਟਰੰਪ ਨੇ ਇਹ ਬਿਆਨ ਵ੍ਹਾਈਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤਾ।

ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਤੇ ਖੇਤੀਬਾੜੀ ਸਕੱਤਰ ਬਰੂਕ ਰੋਲਿਨਸ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਸਾਨਾਂ ਲਈ 12 ਬਿਲੀਅਨ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਵੀ ਕੀਤਾ।

ਇਸ ਮੌਕੇ ਕੈਨੇਡੀ ਰਾਈਸ ਮਿੱਲ ਦੇ ਮਾਲਕ ਪਰਿਵਾਰ ਦੀ ਮੈਂਬਰ ਮੈਰਿਲ ਕੈਨੇਡੀ ਵੀ ਮੌਜੂਦ ਸੀ। ਮੈਰਿਲ ਨੇ ਕਿਹਾ ਕਿ ਵੱਖ-ਵੱਖ ਦੇਸ਼ ਆਪਣੇ ਸਸਤੇ ਚੌਲ ਅਮਰੀਕਾ ਵਿੱਚ ਆਯਾਤ ਕਰ ਰਹੇ ਹਨ, ਜਿਸ ਕਾਰਨ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

ਟਰੰਪ ਨੇ ਫਿਰ ਮੈਰਿਲ ਤੋਂ ਪੁੱਛਿਆ ਕਿ ਕਿਹੜੇ ਦੇਸ਼ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਹਨ? ਮੈਰਿਲ ਨੇ ਜਵਾਬ ਦਿੱਤਾ, ਭਾਰਤ, ਥਾਈਲੈਂਡ ਤੇ ਚੀਨ ਪੋਰਟੋ ਰੀਕੋ ਵਿੱਚ ਆਪਣੇ ਚੌਲ ਖਪਾ ਰਹੇ ਹਨ। ਪੋਰਟੋ ਰੀਕੋ ਪਹਿਲਾਂ ਅਮਰੀਕੀ ਚੌਲਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੁੰਦਾ ਸੀ, ਪਰ ਅਸੀਂ ਕਈ ਸਾਲਾਂ ਤੋਂ ਆਪਣੇ ਚੌਲ ਪੋਰਟੋ ਰੀਕੋ ਨਹੀਂ ਭੇਜੇ।

ਮੈਰਿਲ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਇਹ ਵੱਡੇ ਪੱਧਰ 'ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਦੁੱਗਣਾ ਕਰਨ ਦੀ ਲੋੜ ਹੈ।

ਟਰੰਪ ਨੇ ਸਕਾਟ ਬੇਸੈਂਟ ਨੂੰ ਉਨ੍ਹਾਂ ਦੇਸ਼ਾਂ ਦੇ ਨਾਮ ਦੇਣ ਲਈ ਕਿਹਾ ਜੋ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਹਨ।

ਦੱਸ ਦਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ, ਜੋ ਸਾਲਾਨਾ 150 ਮਿਲੀਅਨ ਟਨ ਚੌਲ ਪੈਦਾ ਕਰਦਾ ਹੈ, ਜੋ ਦੁਨੀਆ ਦੇ ਕੁੱਲ ਚੌਲਾਂ ਦਾ 28 ਪ੍ਰਤੀਸ਼ਤ ਹੈ।