ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਨੇ ਲੋਕਾਂ ਦਾ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਇੱਕ ਮਹੀਨੇ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ 9.10 ਫੀਸਦੀ ਅਤੇ ਪਾਮ ਤੇਲ ਦੀਆਂ ਕੀਮਤਾਂ ਵਿੱਚ 14.16 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰਿਟੇਲ ਬਾਜ਼ਾਰ ਅਤੇ ਆਨਲਾਈਨ ਕਰਿਆਨਾ ਕੰਪਨੀਆਂ ਦੇ ਪੋਰਟਲ 'ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ 26 ਫੀਸਦੀ ਦਾ ਵਾਧਾ ਹੋਇਆ ਹੈ। ਇਕ ਮਹੀਨਾ ਪਹਿਲਾਂ ਆਨਲਾਈਨ ਕਰਿਆਨੇ ਦੇ ਪੋਰਟਲ 'ਤੇ ਸਰ੍ਹੋਂ ਦਾ ਤੇਲ 139 ਰੁਪਏ ਪ੍ਰਤੀ ਕਿਲੋਗ੍ਰਾਮ ਮਿਲਦਾ ਸੀ, ਜਿਸ ਦੀ ਕੀਮਤ 176 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਸਰਕਾਰੀ ਅੰਕੜੇ ਵੀ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਪੁਸ਼ਟੀ ਕਰ ਰਹੇ ਹਨ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਮੁੱਲ ਨਿਗਰਾਨੀ ਵਿਭਾਗ ਦੇ ਅਨੁਸਾਰ, ਸਰ੍ਹੋਂ ਦਾ ਤੇਲ ਜੋ ਇੱਕ ਮਹੀਨਾ ਪਹਿਲਾਂ 25 ਅਗਸਤ 2024 ਨੂੰ 139.19 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਹੁਣ 151.85 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੈ। ਸਰ੍ਹੋਂ ਦਾ ਤੇਲ ਮੁੰਬਈ ਵਿੱਚ 183 ਰੁਪਏ, ਦਿੱਲੀ ਵਿੱਚ 165 ਰੁਪਏ, ਕੋਲਕਾਤਾ ਵਿੱਚ 181 ਰੁਪਏ, ਚੇਨਈ ਵਿੱਚ 167 ਰੁਪਏ ਅਤੇ ਰਾਂਚੀ ਵਿੱਚ 163 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਸਰ੍ਹੋਂ ਦੇ ਤੇਲ ਤੋਂ ਇਲਾਵਾ ਹੋਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਸੂਰਜਮੁਖੀ ਦਾ ਤੇਲ, ਪਾਮ ਆਇਲ, ਸੋਇਆ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਤੇਲ ਦੀਆਂ ਕੀਮਤਾਂ ਵੱਧਣ ਕਰਕੇ ਲੋਕਾਂ ਦੇ ਰਸੋਈ ਦਾ ਬਜਟ ਹਿੱਲ ਜਾਏਗਾ।