ਤਿਉਹਾਰੀ ਸੀਜ਼ਨ ਦੌਰਾਨ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਨਵੰਬਰ 'ਚ ਪ੍ਰਚੂਨ ਬਾਜ਼ਾਰਾਂ 'ਚ ਆਪਣੇ ਬਫਰ ਸਟਾਕ ਤੋਂ ਇਕ ਲੱਖ ਟਨ ਪਿਆਜ਼ ਛੱਡਣ ਦਾ ਐਲਾਨ ਕੀਤਾ ਹੈ। ਇਸ ਤਹਿਤ ਸ਼ੁੱਕਰਵਾਰ ਨੂੰ 100 ਤੋਂ ਵੱਧ ਸ਼ਹਿਰਾਂ ਲਈ ਪਿਆਜ਼ ਜਾਰੀ ਕੀਤਾ ਜਾਵੇਗਾ।



ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਸਰਕਾਰੀ ਦਖਲ ਕਾਰਨ ਕਾਨਪੁਰ, ਲਖਨਊ, ਵਾਰਾਣਸੀ, ਇੰਦੌਰ, ਭੋਪਾਲ, ਰਾਏਪੁਰ, ਰਾਂਚੀ, ਜੈਪੁਰ ਅਤੇ ਕੋਟਾ ਸਮੇਤ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।



ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਪਿਆਜ਼ 70 ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।



ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ (ਐੱਨ. ਸੀ. ਸੀ. ਐੱਫ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਨੂੰ ਛੱਡ ਕੇ ਜੰਮੂ-ਕਸ਼ਮੀਰ ਤੋਂ ਕੇਰਲ ਤੱਕ ਸਾਰੇ ਸੂਬਿਆਂ 'ਚ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਕੀਮਤ 'ਤੇ ਪਿਆਜ਼ ਵੇਚੇਗਾ।



ਇਸ ਦਾ ਮਕਸਦ ਗਾਹਕਾਂ ਨੂੰ ਪਿਆਜ਼ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਦਿਵਾਉਣਾ ਹੈ।



NCCF ਨੇ ਕੇਂਦਰ ਸਰਕਾਰ ਦੀ ਤਰਫੋਂ, 9 ਸਤੰਬਰ ਤੋਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ 100 ਵੱਖ-ਵੱਖ ਥਾਵਾਂ 'ਤੇ ਰਿਆਇਤੀ ਦਰਾਂ 'ਤੇ ਪਿਆਜ਼ ਦੀ ਪ੍ਰਚੂਨ ਵਿਕਰੀ ਸ਼ੁਰੂ ਕੀਤੀ ਹੈ।



ਸਹਿਕਾਰੀ ਸੰਸਥਾ ਪਿਛਲੇ ਦੋ ਹਫ਼ਤਿਆਂ ਤੋਂ ਸ੍ਰੀਨਗਰ, ਜੈਪੁਰ, ਵਾਰਾਣਸੀ ਅਤੇ ਦਿੱਲੀ-ਐਨਸੀਆਰ ਵਿੱਚ ਪੇਟੀਐਮ, ਮੈਜਿਕਪਿਨ ਅਤੇ ਮਾਈਸਟੋਰ ਰਾਹੀਂ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ



(ONDC) ਪਲੇਟਫਾਰਮ 'ਤੇ ਪਿਆਜ਼ ਆਨਲਾਈਨ ਵੇਚ ਰਹੀ ਹੈ। ਹੁਣ ਤੱਕ 416 ਵੈਨਾਂ ਚੱਲ ਰਹੀਆਂ ਹਨ ਤੇ ਪ੍ਰਚੂਨ ਬਾਜ਼ਾਰਾਂ ਵਿੱਚ 2,219.61 ਟਨ ਪਿਆਜ਼ ਵਿਕ ਚੁੱਕਾ ਹੈ। NCCF ਚਾਲੂ ਸਾਲ ਲਈ ਸਰਕਾਰ ਦੇ 5 ਲੱਖ ਟਨ ਦੇ ਬਫਰ ਸਟਾਕ ਤੋਂ ਪਿਆਜ਼ ਵੇਚ ਰਿਹਾ ਹੈ।