ਗ਼ਲਤ ਸਾਈਡ ਸੌਣ, ਦੇਰ ਤਕ ਇੱਕੋ ਪੁਜ਼ੀਸ਼ਨ 'ਚ ਬੈਠਣ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ੍ਹ ਜਾਣ ਕਾਰਨ ਗਰਦਨ 'ਚ ਦਰਦ ਹੁੰਦੀ ਹੈ।



ਮਾਸਪੇਸ਼ੀਆਂ 'ਚ ਖਿਚਾਅ ਕਾਰਨ ਜਾਂ ਲਿਗਾਮੈਂਟਸ 'ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ 'ਤੇ ਗਰਦਨ 'ਚ ਹੋਣ ਵਾਲੀ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ 'ਤੇ ਵੀ ਪੈਂਦਾ ਹੈ।



ਪੜ੍ਹਨ ਵੇਲੇ, ਟੀਵੀ ਦੇਖਣ, ਫੋਨ 'ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ 'ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ।



ਆਪਣੀ ਕੁਰਸੀ 'ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਉ। ਪੈਰਾਂ ਨੂੰ ਜ਼ਮੀਨ 'ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਉ। ਜ਼ਿਆਦਾ ਸਮੇਂ ਤਕ ਇੱਕੋ ਪੁਜ਼ੀਸ਼ਨ 'ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।



ਕੰਪਿਊਟਰ 'ਤੇ ਕੰਮ ਕਰਨ ਵਾਲੇ ਆਪਣਾ ਵਰਕ ਸਟੇਸ਼ਨ ਠੀਕ ਰੱਖੋ। ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ 'ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ 'ਚ ਰੱਖ ਸਕੋ।



ਟੈਲੀਫੋਨ ਦੀ ਜਗ੍ਹਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ। ਫੋਨ ਨੂੰ ਮੋਢੇ 'ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ। ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ 'ਚ ਰੱਖੋ। ਸਟਿਅਰਿੰਗ ਵ੍ਹੀਲ ਤਕ ਪਹੁੰਚਣ 'ਚ ਜ਼ਿਆਦਾ ਤਕਲੀਫ਼ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ 'ਚ ਰੱਖੋ।



ਸਹੀ ਸਿਰਹਾਣੇ ਦਾ ਇਸਤੇਮਾਲ ਕਰੋ। ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਜ਼ਿਆਦਾ ਸਿੱਧਾ, ਨਾ ਬਹੁਤ ਜ਼ਿਆਦਾ ਫਲੈਟ ਹੋਵੋ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ। ਬੈੱਡ 'ਤੇ ਪੜ੍ਹਦੇ ਸਮੇਂ ਪੋਸਚਰ ਸਹੀ ਰੱਖੋ।



ਕਿਤਾਬ ਨੂੰ ਕਿਸੇ ਮਿੱਥੀ ਜਗ੍ਹਾ ਹੀ ਰੱਖੋ ਤਾਂ ਜੋ ਕਿਤਾਬ ਹੱਥ 'ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। ਆਪਣੇ ਹੱਥਾਂ ਨੂੰ ਅਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਉਟ੍ਰਲ ਪੁਜ਼ੀਸ਼ਨ 'ਚ ਰੱਖੋ।