Sports News: ਕ੍ਰਿਕਟ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਹ ਖਬਰ ਖੇਡ ਪ੍ਰੇਮੀਆਂ ਲਈ ਬਹੁਤ ਖਾਸ ਹੈ। ਦਰਅਸਲ, ਨਿਊਜ਼ੀਲੈਂਡ ਦੇ ਦਿੱਗਜ ਕ੍ਰਿਕਟਰ ਰੌਸ ਟੇਲਰ ਨੇ ਸੰਨਿਆਸ ਤੋਂ ਵਾਪਸੀ ਦਾ ਫੈਸਲਾ ਕੀਤਾ ਹੈ।



ਟੇਲਰ ਹੁਣ ਏਸ਼ੀਆ-ਪੂਰਬੀ ਏਸ਼ੀਆ-ਪ੍ਰਸ਼ਾਂਤ ਟੀ-20 ਵਿਸ਼ਵ ਕੱਪ 2026 ਕੁਆਲੀਫਾਇਰ ਵਿੱਚ ਸਮੋਆ ਦੀ ਨੁਮਾਇੰਦਗੀ ਕਰਨਗੇ। ਇਹ ਟੂਰਨਾਮੈਂਟ 8 ਅਕਤੂਬਰ ਤੋਂ ਓਮਾਨ ਵਿੱਚ ਖੇਡਿਆ ਜਾਣਾ ਹੈ।

ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਰੌਸ ਟੇਲਰ ਨੇ ਇੰਸਟਾਗ੍ਰਾਮ 'ਤੇ ਲਿਖਿਆ, ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਮੈਂ ਨੀਲੀ ਜਰਸੀ ਪਹਿਨ ਕੇ ਸਮੋਆ ਦੀ ਨੁਮਾਇੰਦਗੀ ਕਰਾਂਗਾ।



ਇਹ ਫੈਸਲਾ ਕ੍ਰਿਕਟ ਵਿੱਚ ਵਾਪਸੀ ਤੋਂ ਕਿਤੇ ਹੀ ਵੱਧ ਹੈ। ਮੇਰੇ ਲਈ ਆਪਣੀ ਵਿਰਾਸਤ, ਸੱਭਿਆਚਾਰ, ਪਿੰਡਾਂ ਅਤੇ ਪਰਿਵਾਰ ਦੀ ਨੁਮਾਇੰਦਗੀ ਕਰਨਾ ਬਹੁਤ ਵੱਡਾ ਸਨਮਾਨ ਹੈ।



ਮੈਂ ਖੇਡ ਨੂੰ ਕੁਝ ਵਾਪਸ ਦੇਣ, ਟੀਮ ਵਿੱਚ ਸ਼ਾਮਲ ਹੋਣ ਅਤੇ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਹਾਂ। ਸਾਲ 2006 ਵਿੱਚ ਆਪਣੇ ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ, ਟੇਲਰ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।



ਉਨ੍ਹਾਂ ਨੇ ਬਲੈਕ ਕੈਪਸ ਲਈ 112 ਟੈਸਟ, 236 ਇੱਕ ਰੋਜ਼ਾ ਅਤੇ 102 ਟੀ-20 ਮੈਚ ਖੇਡੇ। ਟੇਲਰ (18,199 ਦੌੜਾਂ) ਨਿਊਜ਼ੀਲੈਂਡ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।

ਇਸ ਸੂਚੀ ਵਿੱਚ ਕੇਨ ਵਿਲੀਅਮਸਨ (19,086 ਦੌੜਾਂ) ਉਨ੍ਹਾਂ ਤੋਂ ਅੱਗੇ ਹਨ। ਰਾਸ ਟੇਲਰ ਨੇ ਅਪ੍ਰੈਲ 2022 ਵਿੱਚ ਨਿਊਜ਼ੀਲੈਂਡ ਲਈ ਆਪਣਾ ਆਖਰੀ ਮੈਚ ਖੇਡਿਆ ਸੀ...



ਜਿਸ ਤੋਂ ਬਾਅਦ ਉਹ ਹੁਣ ਤਿੰਨ ਸਾਲਾਂ ਦਾ ਸਟੈਂਡ-ਆਊਟ ਪੀਰੀਅਡ ਪੂਰਾ ਕਰਨ ਤੋਂ ਬਾਅਦ ਕਿਸੇ ਹੋਰ ਰਾਸ਼ਟਰੀ ਟੀਮ ਲਈ ਖੇਡਣ ਦੇ ਯੋਗ ਹੈ। ਉਸਨੂੰ ਆਪਣੀ ਮਾਂ ਦੀ ਵਿਰਾਸਤ ਕਾਰਨ ਸਮੋਆ ਪਾਸਪੋਰਟ ਮਿਲਿਆ ਹੈ।



ਕਾਲੇਬ ਜਸਮਤ ਦੀ ਕਪਤਾਨੀ ਵਾਲੀ ਸਮੋਆ ਨੇ ਉਪ-ਖੇਤਰੀ ਕੁਆਲੀਫਾਇੰਗ ਵਿੱਚ ਹੈਰਾਨ ਕਰ ਦਿੱਤਾ ਹੈ। ਟੀਮ ਨੇ ਵਨੂਆਟੂ, ਕੁੱਕ ਆਈਲੈਂਡਜ਼ ਅਤੇ ਫਿਜੀ ਵਰਗੀਆਂ ਟੀਮਾਂ ਨੂੰ ਹਰਾ ਕੇ ਨਵੇਂ ਹਾਈਬ੍ਰਿਡ ਏਸ਼ੀਆ/ਪੂਰਬੀ ਏਸ਼ੀਆ-ਪ੍ਰਸ਼ਾਂਤ ਕੁਆਲੀਫਾਇਰ ਵਿੱਚ ਜਗ੍ਹਾ ਬਣਾਈ ਹੈ।



ਇਹ ਨੌਂ ਟੀਮਾਂ ਦਾ ਟੂਰਨਾਮੈਂਟ 8 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਮੋਆ ਪਾਪੁਆ ਨਿਊ ਗਿਨੀ ਅਤੇ ਜਾਪਾਨ ਦੇ ਨਾਲ ਪੂਰਬੀ ਏਸ਼ੀਆ-ਪ੍ਰਸ਼ਾਂਤ ਦੀ ਨੁਮਾਇੰਦਗੀ ਕਰਦਾ ਹੈ।