ਅਜੋਕੇ ਸਮੇਂ ਵਿੱਚ ਦੇਸ਼ ਦੇ ਹਰ ਇੱਕ ਵਿਅਕਤੀ ਦਾ ਕਿਸੇ ਨਾ ਕਿਸੇ ਵਿੱਚ ਬੈਂਕ ਅਕਾਊਂਟ ਹੈ। ਤੁਹਾਨੂੰ ਜ਼ਿਆਦਾਤਰ ਸਰਕਾਰੀ ਸਕੀਮਾਂ ਦਾ ਲਾਭ ਬੈਂਕ ਅਕਾਊਂਟ (Bank Account) ਰਾਹੀਂ ਹੀ ਮਿਲਦਾ ਹੈ। ਬੈਂਕ 'ਚ ਅਕਾਊਂਟ ਖੋਲ੍ਹਣ ਵੇਲੇ ਤੁਹਾਨੂੰ ਅਕਾਊਂਟ ਖੋਲ੍ਹਣ ਦਾ ਫ਼ਾਰਮ ਦਿੱਤਾ ਜਾਂਦਾ ਹੈ। ਇਸ ਫ਼ਾਰਮ 'ਚ ਤੁਹਾਡੇ ਤੋਂ ਜਾਣਕਾਰੀ ਲਈ ਜਾਂਦੀ ਹੈ ਕਿ ਤੁਸੀਂ ਸੇਵਿੰਗ/ਕਰੰਟ ਖਾਤਾ (Saving and Current Account) ਖੋਲ੍ਹਣਾ ਚਾਹੁੰਦੇ ਹੋ ਪਰ ਇਹ ਬਹੁਤ ਆਮ ਹੈ ਕਿ ਜ਼ਿਆਦਾਤਰ ਲੋਕ ਬਚਤ ਖਾਤਾ ਹੀ ਖੋਲ੍ਹਦੇ ਹਨ। ਇਸ ਤੋਂ ਇਲਾਵਾ ਜਦੋਂ ਵੀ ਅਸੀਂ ATM ਤੋਂ ਪੈਸੇ ਕਢਾਉਂਦੇ ਹਾਂ, ਉਸ ਦੌਰਾਨ ਸਾਨੂੰ ਸਕ੍ਰੀਨ 'ਤੇ ਖਾਤਾ ਚੁਣਨ ਦਾ ਆਪਸ਼ਨਵੀ ਮਿਲਦਾ ਹੈ। ਇਸ ਵਿੱਚ ਅਸੀਂ ਚੋਣ ਕਰ ਸਕਦੇ ਹਾਂ ਕਿ ਸਾਡਾ ਖਾਤਾ ਸੇਵਿੰਗ ਹੈ ਜਾਂ ਕਰੰਟ ਹੈ। ਪਰ, ਅਕਸਰ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਉੱਠਦਾ ਹੈ ਕਿ ਆਖ਼ਰ ਸੇਵਿੰਗ ਤੇ ਕਰੰਟ ਅਕਾਊਂਟ (Saving and Current Account) 'ਚ ਕੀ ਅੰਤਰ ਹੈ? ਜ਼ਿਆਦਾਤਰ ਲੋਕ ਇਨ੍ਹਾਂ ਦੋਵਾਂ ਖਾਤਿਆਂ ਵਿਚਲੇ ਅੰਤਰ ਨੂੰ ਨਹੀਂ ਜਾਣਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਸੇਵਿੰਗ ਤੇ ਕਰੰਟ ਬੈਂਕ ਅਕਾਊਂਟ 'ਚ ਫ਼ਰਕ ਬਹੁਤ ਹੀ ਆਸਾਨ ਭਾਸ਼ਾ 'ਚ ਦੱਸਦੇ ਹਾਂ। ਇਸ ਨਾਲ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬੈਂਕ ਅਕਾਊਂਟ ਦੀ ਚੋਣ ਕਰ ਸਕਦੇ ਹੋ - ਸੇਵਿੰਗ ਅਕਾਊਂਟ ਨੂੰ ਆਸਾਨ ਭਾਸ਼ਾ 'ਚ ਬਚਤ ਅਕਾਊਂਟ ਵੀ ਕਿਹਾ ਜਾਂਦਾ ਹੈ। ਇਹ ਅਕਾਊਂਟ ਆਮ ਆਦਮੀ ਲਈ ਬਹੁਤ ਫ਼ਾਇਦੇਮੰਦ ਹੈ। ਇਸ ਖਾਤੇ ਰਾਹੀਂ ਤੁਹਾਨੂੰ ਪੈਸੇ ਬਚਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਅਕਾਊਂਟ 'ਚ ਤੁਸੀਂ ਹੌਲੀ-ਹੌਲੀ ਪੈਸੇ ਬਚਾ ਸਕਦੇ ਹੋ। ਤੁਹਾਨੂੰ ਜਮ੍ਹਾ ਪੈਸੇ 'ਤੇ ਵਿਆਜ ਵੀ ਮਿਲਦਾ ਹੈ। ਤੁਸੀਂ ਇਕੱਲੇ ਜਾਂ ਸਾਂਝੇ ਤੌਰ 'ਤੇ ਅਕਾਊਂਟ ਖੁੱਲ੍ਹਵਾ ਸਕਦੇ ਹੋ। ਅਕਾਊਂਟ 'ਤੇ 4 ਤੋਂ 6 ਫ਼ੀਸਦੀ ਤੱਕ ਵਿਆਜ ਦਰ ਹੁੰਦੀ ਹੈ। ਇਹ ਬੈਂਕ ਖੁਦ ਤੈਅ ਕਰਦੇ ਹਨ। ਦੂਜੇ ਪਾਸੇ ਸੀਨੀਅਰ ਸਿਟੀਜ਼ਨਾਂ ਨੂੰ ਵਿਆਜ ਦਰ 'ਚ ਕੁਝ ਛੋਟ ਮਿਲਦੀ ਹੈ। ਦੱਸ ਦੇਈਏ ਕਿ ਸੇਵਿੰਗ ਅਕਾਊਂਟ ਆਮ ਲੋਕਾਂ ਲਈ ਬਣਾਇਆ ਗਿਆ ਹੈ, ਜਦਕਿ ਕਰੰਟ ਅਕਾਊਂਟ ਵਪਾਰੀਆਂ ਲਈ ਬਣਾਇਆ ਗਿਆ ਹੈ। ਸੇਵਿੰਗ ਅਕਾਊਂਟ 'ਚ ਵਿਆਜ ਉਪਲੱਬਧ ਹੈ, ਕਰੰਟ ਅਕਾਊਂਟ 'ਚ ਕੋਈ ਵਿਆਜ ਉਪਲੱਬਧ ਨਹੀਂ ਹੈ। ਤੁਸੀਂ ਸੇਵਿੰਗ ਅਕਾਊਂਟ 'ਚ ਇੱਕ ਸੀਮਾ ਤਕ ਲੈਣ-ਦੇਣ ਕਰ ਸਕਦੇ ਹੋ, ਜਦਕਿ ਕਰੰਟ ਅਕਾਊਂਟ 'ਚ ਕੋਈ ਲੈਣ-ਦੇਣ ਸੀਮਾ ਨਹੀਂ ਹੈ। ਤੁਸੀਂ ਜਿੰਨੇ ਮਰਜ਼ੀ ਦਾ ਲੈਣ-ਦੇਣ ਕਰ ਸਕਦੇ ਹੋ। ਕਰੰਟ ਅਕਾਊਂਟ ਨੂੰ ਆਸਾਨ ਭਾਸ਼ਾ 'ਚ ਚਾਲੂ ਅਕਾਊਂਟ ਵੀ ਕਿਹਾ ਜਾਂਦਾ ਹੈ। ਇਹ ਜ਼ਿਆਦਾਤਰ ਕਾਰੋਬਾਰੀਆਂ ਲਈ ਹੁੰਦਾ ਹੈ। ਇਸ ਖਾਤੇ 'ਚ ਜ਼ਿਆਦਾਤਰ ਲੈਣ-ਦੇਣ ਲਗਾਤਾਰ ਚੱਲਦੇ ਹਨ। ਇਸ ਖਾਤੇ ਨੂੰ ਨਿਯਮਿਤ ਲੈਣ-ਦੇਣ ਲਈ ਚੰਗਾ ਮੰਨਿਆ ਜਾਂਦਾ ਹੈ। ਖਾਤਾਧਾਰਕ ਜ਼ਿਆਦਾਤਰ ਵਪਾਰਕ ਸੰਸਥਾਵਾਂ, ਫ਼ਰਮਾਂ ਆਦਿ ਨਾਲ ਸਬੰਧਤ ਹਨ। ਇਸ ਖਾਤੇ 'ਚ ਕੋਈ ਵਿਆਜ ਨਹੀਂ ਮਿਲਦਾ ਹੈ।