ਸਾਲ 2026 ਤੋਂ CBSE ਬੋਰਡ ਦੀ 10ਵੀਂ ਕਲਾਸ ਦੀ ਪ੍ਰੀਖਿਆ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।



ਬੋਰਡ ਨੇ ਇਸ ਸੰਬੰਧੀ ਫੈਸਲਾ ਕਰ ਲਿਆ ਹੈ। CBSE ਨੇ ਐਲਾਨ ਕੀਤਾ ਹੈ ਕਿ 2026 ਤੋਂ 10ਵੀਂ ਦੀ ਬੋਰਡ ਪ੍ਰੀਖਿਆ ਸਾਲ ਵਿੱਚ ਦੋ ਵਾਰ ਕਰਵਾਈ ਜਾਵੇਗੀ।

ਇਸ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਸੁਧਾਰਨ ਅਤੇ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਹੋਰ ਇੱਕ ਮੌਕਾ ਦੇਣਾ ਹੈ।

ਹਾਲ ਵਿੱਚ CBSE 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹਰ ਸਾਲ ਫਰਵਰੀ ਤੋਂ ਮਾਰਚ ਦੇ ਦਰਮਿਆਨ ਕਰਵਾਉਂਦਾ ਹੈ।



ਕੋਵਿਡ-19 ਮਹਾਮਾਰੀ ਦੌਰਾਨ CBSE ਨੇ ਇੱਕ ਵਿਸ਼ੇਸ਼ ਉਪਾਅ ਵਜੋਂ ਪ੍ਰੀਖਿਆਵਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ।

ਹਾਲਾਂਕਿ, ਹਾਲਾਤ ਸਧਾਰਨ ਹੋਣ ਉਪਰੰਤ ਬੋਰਡ ਨੇ ਦੁਬਾਰਾ ਪੁਰਾਣੀ ਸਾਲਾਨਾ ਪ੍ਰੀਖਿਆ ਪ੍ਰਣਾਲੀ 'ਤੇ ਵਾਪਸੀ ਕਰ ਲਈ ਸੀ।



CBSE ਦੇ ਨਵੇਂ ਨਿਯਮ ਅਨੁਸਾਰ, 10ਵੀਂ ਦੀ ਬੋਰਡ ਪ੍ਰੀਖਿਆ ਦਾ ਪਹਿਲਾ ਚਰਨ ਫਰਵਰੀ-ਮਾਰਚ ਵਿੱਚ ਅਤੇ ਦੂਜਾ ਚਰਨ ਮਈ ਵਿੱਚ ਕਰਵਾਇਆ ਜਾਵੇਗਾ।

ਵਿਦਿਆਰਥੀਆਂ ਨੂੰ ਦੋਵਾਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਮਿਲੇਗਾ, ਪਰ ਇਹ ਲਾਜ਼ਮੀ ਨਹੀਂ ਹੋਵੇਗਾ।

ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ਦੇ ਨਤੀਜੇ ਨਾਲ ਸੰਤੁਸ਼ਟ ਨਹੀਂ ਹੁੰਦਾ, ਤਾਂ ਉਹ ਦੂਜੀ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਆਪਣੇ ਅੰਕ ਸੁਧਾਰ ਸਕਦਾ ਹੈ।

ਰਿਪੋਰਟਾਂ ਮੁਤਾਬਕ, 10ਵੀਂ ਦੀ ਬੋਰਡ ਪ੍ਰੀਖਿਆ ਦਾ ਪਹਿਲਾ ਚਰਨ 17 ਫਰਵਰੀ ਤੋਂ 6 ਮਾਰਚ 2026 ਤਕ ਅਤੇ ਦੂਜਾ ਚਰਨ 5 ਮਈ ਤੋਂ 20 ਮਈ 2026 ਤਕ ਕਰਵਾਇਆ ਜਾਵੇਗਾ।