ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਦਰਅਸਲ 2016 'ਚ ਆਈ ਫਿਲਮ 'ਦੰਗਲ' 'ਚ ਆਮਿਰ ਖਾਨ ਦੀ ਛੋਟੀ ਬੇਟੀ ਜੂਨੀਅਰ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਉਹ 19 ਸਾਲਾਂ ਦੀ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਸੁਹਾਨੀ ਦੇ ਇਸ ਦੁਨੀਆ ਨੂੰ ਅਚਾਨਕ ਅਲਵਿਦਾ ਕਹਿਣ 'ਤੇ ਦੁੱਖ ਪ੍ਰਗਟ ਕਰ ਰਿਹਾ ਹੈ। ਸੁਹਾਨੀ ਭਟਨਾਗਰ ਦੀ ਮੌਤ ਦੀ ਵਜ੍ਹਾ ਉਸ ਦੀ ਪੂਰੀ ਬੌਡੀ 'ਚ ਫਲੂਡ ਯਾਨਿ ਤਰਲ ਜਮਾਂ ਹੋਣਾ ਦੱਸਿਆ ਜਾ ਰਿਹਾ ਹੈ। ਕੁੱਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਉਸ ਦੇ ਪੈਰ 'ਚ ਫਰੈਕਚਰ ਆ ਗਿਆ ਸੀ। ਇਲਾਜ ਦੌਰਾਨ ਉਸ ਨੇ ਜੋ ਦਵਾਈਆਂ ਲਈਆਂ, ਉਸ ਦਾ ਉਸ ਦੇ ਸਰੀਰ 'ਤੇ ਸਾਈਡ ਇਫੈਕਟ ਹੋਇਆ ਅਤੇ ਹੌਲੀ ਹੌਲੀ ਸਰੀਰ 'ਚ ਫਲੂਡ ਜਮਾਂ ਹੋਣ ਲੱਗਾ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸੀ। ਅੱਜ ਸੁਹਾਨੀ ਦਾ ਅੰਤਿਮ ਸੰਸਕਾਰ ਫਰੀਦਾਬਾਦ ਦੇ ਸੈਕਟਰ-15 ਸਥਿਤ ਅਜਰੌਂਦਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਸੁਹਾਨੀ ਭਟਨਾਗਰ ਬਾਲੀਵੁਡ ਦੀ ਮਸ਼ਹੂਰ ਬਾਲ ਕਲਾਕਾਰ ਸੀ। ਉਸਨੇ ਆਮਿਰ ਖਾਨ ਸਟਾਰਰ ਬਲਾਕਬਸਟਰ ਫਿਲਮ ਦੰਗਲ (2016) ਵਿੱਚ ਬਬੀਤਾ ਫੋਗਾਟ ਦੇ ਜੂਨੀਅਰ ਰੂਪ ਵਿੱਚ ਉਸਦੀ ਭੂਮਿਕਾ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।