ਪੰਜਾਬ ਤੇ ਹਰਿਆਣਾ 'ਚ ਇਸ ਸਮੇਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦਰਮਿਆਨ ਬੀਤੇ ਦਿਨ ਸੋਨੀਆ ਮਾਨ ਨੇ ਵੀ ਕਿਸਾਨ ਅੰਦੋਲਨ 'ਚ ਹਾਜ਼ਰੀ ਲਵਾਈ ਸੀ। ਪਰ ਇਸ ਵਿਚਾਲੇ ਅੱਜ ਕੁੱਝ ਅਜਿਹਾ ਹੋਇਆ ਕਿ ਖਨੌਰੀ ਬਾਰਡਰ 'ਤੇ ਮਾਹੌਲ ਤਣਾਅਪੂਰਨ ਬਣ ਗਿਆ। ਸੋਨੀਆ ਮਾਨ ਖਨੌਰੀ ਬਾਰਡਰ 'ਤੇ ਕਿਸਾਨਾਂ ਦੇ ਨਾਲ ਧਰਨੇ 'ਤੇ ਬੈਠੀ ਸੀ ਕਿ ਅਚਾਨਕ ਹੰਝੂ ਗੈਸ ਦੀ ਬੌਛਾਰ ਹੋ ਗਈ ਅਤੇ ਚਾਰੇ ਪਾਸੇ ਭਗਦੜ ਮਚ ਗਈ। ਇਸ ਦਰਮਿਆਨ ਪੰਜਾਬੀ ਅਦਾਕਾਰਾ ਵੀ ਹੰਝੂ ਗੈਸ ਦਾ ਸ਼ਿਕਾਰ ਹੋ ਗਈ। ਹੰਝੂ ਗੈਸ ਕਰਕੇ ਉਸ ਦੀ ਹਾਲਤ ਵਿਗੜ ਗਈ। ਇਸ ਸਭ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਧਰਨੇ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਅਚਾਨਕ ਹੰਝੂ ਗੈਸ ਤੇ ਪਾਣੀ ਦੀਆਂ ਬੌਛਾਰਾਂ ਸ਼ੁਰੂ ਹੋ ਜਾਂਦੀਆਂ ਹਨ। ਉਸ ਦੇ ਆਲੇ ਦੁਆਲੇ ਦੇ ਲੋਕ ਉਸ ਨੂੰ ਅੱਖਾਂ ਧੋਣ ਲਈ ਪਾਣੀ ਦੇ ਰਹੇ ਹਨ। ਇਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹੀ ਨਹੀਂ ਪੰਜਾਬੀ ਅਦਾਕਾਰਾ ਅੰਦੋਲਨ ਦੌਰਾਨ ਡਿੱਗਣ ਕਰਕੇ ਜ਼ਖਮੀ ਵੀ ਹੋ ਗਈ।