ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਦੁਨੀਆ ਭਰ ਵਿੱਚ ਭਰਪੂਰ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ ਇਸ ਐਲਬਮ 'ਚ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ ਦੇ ਨਾਲ ਕੋਲੈਬ ਕੀਤਾ ਹੈ। ਹੁਣ ਕਰਨ ਔਜਲਾ ਦੀ ਇਸ ਨਵੀਂ ਐਲਬਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਪੰਜਾਬੀ ਨੂੰ ਕਰਨ ਔਜਲਾ 'ਤੇ ਮਾਣ ਹੋਵੇਗਾ। ਦਰਅਸਲ, ਕਰਨ ਔਜਲਾ ਤੇ ਡਿਵਾਈਨ ਨੇ ਮਿਲ ਕੇ ਇਤਿਹਾਸ ਰਚ ਦਿੱਤਾ ਹੈ। ਜੀ ਹਾਂ, ਕਰਨ ਔਜਲਾ ਦੀ ਨਵੀਂ ਐਲਬਮ ਸਟ੍ਰੀਟ ਡਰੀਮਜ਼ ਨੂੰ ਖੂਬ ਪਿਆਰ ਮਿਲ ਰਿਹਾ ਹੈ। ਜਨਤਾ ਦੇ ਇਸੇ ਪਿਆਰ ਦੀ ਵਜ੍ਹਾ ਕਰਕੇ ਕਰਨ ਔਜਲਾ ਦੀ ਐਲਬਮ ਦੇ ਨਾਂ ਇੱਕ ਅਨੋਖਾ ਰਿਕਾਰਡ ਦਰਜ ਹੋ ਗਿਆ ਹੈ। ਉਹ ਰਿਕਾਰਡ ਇਹ ਹੈ ਕਿ ਗਾਇਕ ਦੀ ਐਲਬਮ ਦੇ ਸਾਰੇ ਗਾਣੇ ਇੰਡੀਆ ਤੇ ਕੈਨੇਡਾ ਦੇ ਬਿਲਬੋਰਡ ਟੋਪ 50 ਚਾਰਟਸ 'ਚ ਜਗ੍ਹਾ ਬਣਾ ਚੁੱਕੇ ਹਨ। ਅਜਿਹਾ ਰਿਕਾਰਡ ਅੱਜ ਤੱਕ ਕਿਸੇ ਵੀ ਭਾਰਤੀ ਕਲਾਕਾਰ ਨੇ ਨਹੀਂ ਬਣਾਇਆ ਹੈ। ਇਸ ਬਾਰੇ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਹਾਲ ਹੀ 'ਚ ਮੁੰਬਈ ਵਿੱਚ ਸੀ। ਉੱਥੇ ਉਸ ਨੇ ਰੈਪਰ ਡਿਵਾਈਨ ਨਾਲ ਲਾਈਵ ਸ਼ੋਅ ਵੀ ਲਗਾਇਆ।