Death: ਸੰਗੀਤ ਜਗਤ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਸੰਬਲਪੁਰੀ ਦੀ ਮਸ਼ਹੂਰ ਗਾਇਕਾ ਰੁਕਸਾਨਾ ਬਾਨੋ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਉਨ੍ਹਾਂ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੋਗ ਦੇ ਨਾਲ-ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 27 ਸਾਲਾ ਰੁਕਸਾਨਾ ਪਿਛਲੇ ਮਹੀਨੇ 27 ਅਗਸਤ ਨੂੰ ਸੰਬਲਪੁਰ ਐਲਬਮ ਦੀ ਸ਼ੂਟਿੰਗ ਲਈ ਬਲਾਂਗੀਰ ਗਈ ਸੀ। ਸੈੱਟ 'ਤੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦਬਾਜ਼ੀ 'ਚ ਭਵਾਨੀਪਟਨਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਪਹਿਲਾਂ ਬਲਾਂਗੀਰ ਦੇ ਭੀਮਾ ਭੋਈ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਫਿਰ ਭੁਵਨੇਸ਼ਵਰ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਰੁਕਸਾਨਾ ਦੇ ਦੇਹਾਂਤ ਨਾਲ ਉਸਦੇ ਪ੍ਰਸ਼ੰਸਕ ਅਤੇ ਭਾਈਚਾਰੇ ਦੇ ਲੋਕ ਸਦਮੇ 'ਚ ਹਨ। ਇਸ ਪੂਰੇ ਮਾਮਲੇ 'ਚ ਗਾਇਕਾ ਦੇ ਪਰਿਵਾਰ ਦਾ ਵੱਖਰਾ ਦਾਅਵਾ ਹੈ। ਉਨ੍ਹਾਂ ਦੇ ਅਨੁਸਾਰ ਰੁਕਸਾਨਾ ਨੂੰ ਇੱਕ ਹੋਰ ਸੰਬਲਪੁਰੀ ਗਾਇਕਾ ਨੇ ਹੌਲੀ-ਹੌਲੀ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਰੁਕਸਾਨਾ ਦੀ ਮਾਂ ਅਤੇ ਵੱਡੀ ਭੈਣ ਨੇ ਦਾਅਵਾ ਕੀਤਾ ਹੈ ਕਿ ਇਹ ਯੋਜਨਾਬੱਧ ਕਤਲ ਦਾ ਮਾਮਲਾ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਗਾਇਕ ਦੀ ਮੌਤ ਸਕਰੱਬ ਟਾਈਫਸ ਕਾਰਨ ਹੋਈ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੁਕਸਾਨਾ ਨੇ ਸ਼ੂਟਿੰਗ ਦੌਰਾਨ ਸੈੱਟ 'ਤੇ ਜੂਸ ਪੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਆਪਣੀ ਧੀ ਦੀ ਮੌਤ ਤੋਂ ਬਾਅਦ, ਉਸਦੀ ਮਾਂ ਨੇ ਵੀ ਅਜਿਹਾ ਹੀ ਦਾਅਵਾ ਕਰਦੇ ਹੋਏ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਧੀ ਲਈ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।