Fans support Inderjit Nikku: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਬਾਬਾ ਬਾਗੇਸ਼ਵਰ ਧਾਮ ਦਾ ਵੀਡੀਓ ਸ਼ੇਅਰ ਕਰ ਚਰਚਾ ਵਿੱਚ ਆਏ ਪੰਜਾਬੀ ਗਾਇਕ ਨਿੱਕੂ ਨੇ ਆਪਣਾ ਨਵਾਂ ਗੀਤ ਸਟਿਲ ਆਈ ਰਾਈਜ਼ ਰਿਲੀਜ਼ ਕਰ ਧਮਾਕਾ ਕਰ ਦਿੱਤਾ ਹੈ। ਦਰਅਸਲ, ਕਲਾਕਾਰ ਵੱਲੋਂ ਇਸ ਗੀਤ ਵਿੱਚ ਆਪਣੇ ਨਾਲ ਬੀਤੀ ਉਸ ਦੌਰ ਦੀ ਗੱਲ ਕੀਤੀ ਗਈ ਹੈ, ਜਿਸ ਦੌਰਾਨ ਉਹ ਬਹੁਤ ਔਖੇ ਸਮੇਂ ਵਿੱਚੋਂ ਲੰਘ ਰਿਹਾ ਸੀ। ਇਸ ਤੋਂ ਬਾਅਦ ਉਹ ਕਿਵੇਂ ਇਸ ਪਰੇਸ਼ਾਨੀ ਤੋਂ ਨਿੱਕਲਿਆ ਅਤੇ ਬਾਅਦ ਵਿੱਚ ਕੀ-ਕੀ ਹੋਇਆ ਕਲਾਕਾਰ ਨੇ ਇਸ ਨੂੰ ਬਖੂਬੀ ਬਿਆਨ ਕੀਤਾ ਹੈ। ਹਾਲਾਂਕਿ ਇੰਦਰਜੀਤ ਨੂੰ ਗੀਤ ਰਿਲੀਜ਼ ਹੋਣ ਤੋਂ ਬਾਅਦ ਵੀ ਕਈ ਨਫਰਤ ਕਰਨ ਵਾਲਿਆਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਨਿੱਕੂ ਦੇ ਸਮਰਥਨ ਵਿੱਚ ਕਈ ਪ੍ਰਸ਼ੰਸਕ ਸਾਹਮਣੇ ਆਏ ਹਨ। ਇਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੱਦੇ ਹੋਰ ਵੀ ਨੇ ਪਰ ਸਾਰੇ ਪੰਜਾਬੀ ਸਿਰਫ਼ ਨਿੱਕੂ ਦੇ ਪਿੱਛੇ ਪੈ ਗਏ ਹਨ। ਜਦਕਿ ਹਰ ਇਨਸਾਨ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਕੁਝ-ਨਾ-ਕੁਝ ਕਰਦਾ ਹੈ। ਪਰ ਜਦੋਂ ਨਿੱਕੂ ਨੇ ਕੀਤਾ ਤਾਂ ਹਰ ਪਾਸੇ ਬਵਾਲ ਮੱਚ ਗਿਆ। ਜ਼ਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਇਸ ਸਫਰ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲਾਂਕਿ ਇਸ ਦੌਰਾਨ ਨਿੱਕੂ 'ਤੇ ਬੁਰਾ ਵਕਤ ਵੀ ਆਇਆ, ਜਦੋਂ ਉਨ੍ਹਾਂ ਕੋਲ ਨਾ ਤਾਂ ਕੰਮ ਸੀ ਤੇ ਨਾ ਹੀ ਪੈਸਾ। ਇਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਬਾਬੇ ਦੇ ਦਰਬਾਰ 'ਚ ਗਏ ਅਤੇ ਰੋਂਦੇ ਹੋਏ ਆਪਣੇ ਬੁਰੇ ਹਾਲਾਤ ਬਿਆਨ ਕੀਤੇ ਸੀ। ਜਿਸ ਤੋਂ ਬਾਅਦ ਕਲਾਕਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ। ਫਿਲਹਾਲ ਆਪਣੇ ਨਵੇਂ ਗੀਤ ਰਾਹੀਂ ਗਾਇਕ ਨੇ ਲੋਕਾਂ ਸਾਹਮਣੇ ਆਪਣਾ ਹਾਲ ਬਿਆਨ ਕੀਤਾ ਹੈ।