ਕਿਸੇ ਜ਼ਮਾਨੇ ’ਚ ਸੁਨੀਲ ਦਰਸ਼ਨ ਤੇ ਸੰਨੀ ਦਿਓਲ ਦੀ ਹਿੱਟ ਜੋੜੀ ਸੀ।

ਦੋਵਾਂ ਨੇ ਇਕੱਠਿਆਂ ‘ਇੰਤਕਾਮ’, ‘ਲੁਟੇਰੇ’ ਤੇ ‘ਅਜੇ’ ਵਰਗੀਆਂ ਫ਼ਿਲਮਾਂ ਬਣਾਈਆਂ ਪਰ ਬਾਅਦ ’ਚ ਕਿਸੇ ਗੱਲੋਂ ਦੋਵਾਂ ਵਿਚਾਲੇ ਮਤਭੇਦ ਹੋ ਗਏ ਤੇ ਮੁੜ ਕਦੇ ਉਨ੍ਹਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ।

ਹਰ ਕੋਈ ਹੈਰਾਨ ਸੀ ਕਿ ਸੰਨੀ ਦਿਓਲ ਤੇ ਸੁਨੀਲ ਦਰਸ਼ਨ ਵਿਚਾਲੇ ਕੀ ਹੋਇਆ? ਪਰ ਹੁਣ ਸੁਨੀਲ ਦਰਸ਼ਨ ਨੇ ਨਾ ਸਿਰਫ ਸੰਨੀ ਦਿਓਲ ਨਾਲ ਝਗੜੇ ਦੀ ਵਜ੍ਹਾ ਦੱਸੀ, ਸਗੋਂ ਗੰਭੀਰ ਦੋਸ਼ ਵੀ ਲਗਾਏ ਹਨ।

ਡਾਇਰੈਕਟਰ-ਪ੍ਰੋਡਿਊਸਰ ਸੁਨੀਲ ਦਰਸ਼ਨ ਤੇ ਸੰਨੀ ਦਿਓਲ ਵਿਚਾਲੇ 1996 ’ਚ ਆਈ ਫ਼ਿਲਮ ‘ਅਜੇ’ ਦੇ ਸੈੱਟ ’ਤੇ ਮਤਭੇਦ ਹੋਏ ਸਨ।

ਉਸੇ ਫ਼ਿਲਮ ਦੌਰਾਨ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਲਈ ਖ਼ਤਮ ਹੋ ਗਿਆ।

ਸੁਨੀਲ ਦਰਸ਼ਨ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਸੰਨੀ ਦਿਓਲ ’ਚ ਬਹੁਤ ਈਗੋ ਸੀ। 26 ਸਾਲਾਂ ਬਾਅਦ ਵੀ ਉਨ੍ਹਾਂ ਨਾਲ ਮੇਰਾ ਕਾਨੂੰਨੀ ਝਗੜਾ ਕਾਇਮ ਹੈ।

ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਫਿਰ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਇਸ ਲਈ ਮੈਨੂੰ ਉਨ੍ਹਾਂ ਨਾਲ ਫ਼ਿਲਮ ਬਣਾਉਣੀ ਚਾਹੀਦੀ ਹੈ।

ਦੇਸ਼ ਦੀ ਇਕ ਰਿਟਾਇਰਡ ਚੀਫ ਜਸਟਿਸ, ਜਸਟਿਸ ਬਰੂਆ ਦੇ ਸਾਹਮਣੇ ਇਹ ਮਾਮਲਾ ਰੱਖਿਆ ਗਿਆ ਸੀ।

ਸੰਨੀ ਨੇ ਕਿਹਾ ਸੀ ਕਿ ਮੇਰੇ ਪੈਸੇ ਵਾਪਸ ਕਰਨ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਇਸ ਲਈ ਉਹ ਮੇਰੇ ਲਈ ਇਕ ਫ਼ਿਲਮ ਕਰਨਗੇ।

ਮੈਂ ਉਨ੍ਹਾਂ ਦੇ ਭਰਾ ਬੌਬੀ ਦਿਓਲ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਨਾਲ ਲਗਾਤਾਰ ਤਿੰਨ ਫ਼ਿਲਮਾਂ ਕੀਤੀਆਂ। ਮੇਰੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੈਂ ਸੋਚਿਆ ਕਿ ਗਲਤੀ ਕੋਈ ਵੀ ਸੁਧਾਰ ਸਕਦਾ ਹੈ ਪਰ ਉਨ੍ਹਾਂ ਨੇ ਮੈਨੂੰ ਬੇਵਕੂਫ ਬਣਾਇਆ।’’