ਪੋਸ਼ਕ ਤੱਤਾਂ ਨਾਲ ਭਰਪੂਰ ਫਲੈਕਸਸੀਡ ਜਾਂ ਅਲਸੀ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਨ੍ਹਾਂ ਬੀਜਾਂ 'ਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਕਾਪਰ, ਮੈਂਗਨੀਜ਼ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।



ਜੋ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੇ ਹਨ। ਇਹ ਬੀਜ ਭਾਰ ਘਟਾਉਣ ਲਈ ਮਦਦਗਾਰ ਸਾਬਿਤ ਹੁੰਦੇ ਹਨ।



ਹਾਲਾਂਕਿ ਇਨ੍ਹਾਂ ਬੀਜਾਂ ਨੂੰ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ 'ਚ ਜ਼ਰੂਰਤ ਤੋਂ ਜ਼ਿਆਦਾ ਸ਼ਾਮਲ ਕਰਦੇ ਹੋ ਤਾਂ ਫਾਇਦੇ ਦੀ ਬਜਾਏ ਕਈ ਵੱਡੇ ਨੁਕਸਾਨ ਹੋ ਸਕਦੇ ਹਨ।



ਜੇਕਰ ਤੁਸੀਂ ਬਹੁਤ ਜ਼ਿਆਦਾ ਅਲਸੀ ਬੀਜ ਖਾਂਦੇ ਹੋ ਤਾਂ ਇਸ ਨਾਲ ਲੂਜ਼ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ, ਪਰ ਜੇਕਰ ਤੁਸੀਂ ਇਸ ਨੂੰ ਸੀਮਤ ਮਾਤਰਾ 'ਚ ਖਾਂਦੇ ਹੋ ਤਾਂ ਤੁਹਾਨੂੰ ਕਬਜ਼ ਤੋਂ ਰਾਹਤ ਮਿਲ ਸਕਦੀ ਹੈ।



ਜੇਕਰ ਤੁਸੀਂ ਪਹਿਲਾਂ ਤੋਂ ਹੀ ਪੇਟ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਅਲਸੀ ਦੇ ਬੀਜ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।



ਬਹੁਤ ਸਾਰੇ ਲੋਕਾਂ ਨੂੰ ਫਲੈਕਸ ਜਾਂ ਅਲਸੀ ਦੇ ਬੀਜਾਂ ਤੇ ਤੇਲ ਤੋਂ ਐਲਰਜੀ ਹੋ ਸਕਦੀ ਹੈ।



ਜੇਕਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ ਤੇ ਤੁਹਾਨੂੰ ਖੁਜਲੀ, ਸੋਜ, ਲਾਲੀ ਆਦਿ ਵਰਗੀਆਂ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ ਤਾਂ ਤੁਹਾਨੂੰ ਇਨ੍ਹਾਂ ਬੀਜਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ।



ਅਲਸੀ ਦੇ ਬੀਜਾਂ 'ਚ ਮੌਜੂਦ ਐਸਟ੍ਰੋਜਨ ਗਰਭਵਤੀ ਔਰਤਾਂ ਲਈ ਨੁਕਸਾਨਦੇਹ ਹੈ।



ਇਹ ਬੱਚੇ ਤੇ ਮਾਂ ਦੋਵਾਂ ਨੂੰ ਖਤਰੇ 'ਚ ਪਾ ਸਕਦਾ ਹੈ। ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਮਾਹਿਰ ਦੀ ਸਲਾਹ ਤੋਂ ਬਿਨਾਂ ਅਲਸੀ ਦੇ ਬੀਜ ਨਾ ਖਾਓ।



ਅਲਸੀ ਦੇ ਬੀਜਾਂ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਸੋਜ ਨੂੰ ਘਟਾਉਣ 'ਚ ਮਦਦ ਕਰਦਾ ਹੈ ਪਰ ਖੋਜ ਮੁਤਾਬਕ ਜੇਕਰ ਫਲੈਕਸ ਦੇ ਬੀਜ ਜ਼ਿਆਦਾ ਮਾਤਰਾ 'ਚ ਖਾਏ ਜਾਣ ਤਾਂ ਇਹ ਸਰੀਰ 'ਚ ਸੋਜ ਵਧਾ ਸਕਦੇ ਹਨ।