ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ। ਨਿਮਰਤ ਖਹਿਰਾ ਦਾ ਅਸਲੀ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਸ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਕਾਫੀ ਸ਼ੌਕ ਸੀ। ਦੱਸ ਦਈਏ ਕਿ ਨਿਮਰਤ ਖਹਿਰਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। ਦੱਸ ਦਈਏ ਕਿ ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ। ਪਰ ਇਹ ਤਾਂ ਨਿਮਰਤ ਦੇ ਸੰਘਰਸ਼ ਦੀ ਸ਼ੁਰੂਆਤ ਹੀ ਸੀ। ਆਪਣੀ ਗਾਇਕੀ ਦੇ ਸਫਰ ਬਾਰੇ ਗੱਲ ਕਰਦਿਆਂ ਨਿਮਰਤ ਕਹਿੰਦੀ ਹੈ ਕਿ 2012 'ਚ ਗਾਇਕੀ ਰਿਐਲਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਕੰਮ ਨਹੀਂ ਮਿਿਲਿਆ ਸੀ। ਕਿਉਂਕਿ ਉਹ ਚੰਗੇ ਪ੍ਰੋਜੈਕਟਸ ਨਾਲ ਜੁੜਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਣ ਲਈ ਕਾਹਲੀ ਨਹੀਂ ਕੀਤੀ। ਨਿਮਰਤ ਖਹਿਰਾ ਦਾ ਪਹਿਲਾ ਗਾਣਾ 2014 'ਚ ਰਿਲੀਜ਼ ਹੋਇਆ ਸੀ। ਨਿਮਰਤ ਕਹਿੰਦੀ ਹੈ ਕਿ ਉਸ ਦਾ ਗਾਇਕਾ ਬਣਨ ਦਾ ਸਫਰ ਅਸਾਨ ਨਹੀਂ ਸੀ। ਉਸ ਨੂੰ ਬਹੁਤ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਪਰ ਉਸ ਨੂੰ ਹਮੇਸ਼ਾ ਪਤਾ ਸੀ ਕਿ ਉਹ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੇ ਮਕਸਦ ਵੱਲ ਡਟੀ ਰਹੀ। ਇਸ ਦੇ ਨਾਲ ਨਾਲ ਨਿਮਰਤ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਹੀ ਪਰਮਾਤਮਾ 'ਚ ਪੂਰਾ ਵਿਸ਼ਵਾਸ ਸੀ।