ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨ ਚਾਲਕਾਂ ਲਈ ਖੁਸ਼ਖਬਰੀ ਹੈ।



ਸ਼ਹਿਰ ਵਿੱਚ ਹੁਣ ਵਾਹਨਾਂ ਦੀ ਚਾਰਜਿੰਗ ਸਮੱਸਿਆ ਦਾ ਹੱਲ ਹੋਣ ਵਾਲਾ ਹੈ। ਜੂਨ 2023 ਦੇ ਅਖੀਰ ਤੱਕ 23 ਚਾਰਜਿੰਗ ਸਟੇਸ਼ਨ ਸ਼ੁਰੂ ਹੋ ਜਾਣਗੇ।



ਇਸ ਮਗਰੋਂ ਅਗਲੇ ਪੜਾਅ ਵਿੱਚ 44 ਹੋਰ ਚਾਰਜਿੰਗ ਸਟੇਸ਼ਨ ਖੋਲ੍ਹੇ ਜਾਣਗੇ। ਇਸ ਤਰ੍ਹਾਂ ਦੋ ਸਾਲਾਂ ਵਿੱਚ ਚੰਡੀਗੜ੍ਹ ’ਚ 100 ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।



ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਨੂੰ ਪ੍ਰਦੁਸ਼ਣਮੁਕਤ ਰੱਖਣ ਲਈ ਸ਼ਹਿਰ ਨੂੰ ‘ਮਾਡਲ ਈਵੀ ਸਿਟੀ’ ਵਜੋਂ ਪ੍ਰਫੁੱਲਿਤ ਕਰਨ ਵਾਸਤੇ ਲੋਕਾਂ ਨੂੰ ਵੱਡੀ ਪੱਧਰ ’ਤੇ ਇਲੈਕਟ੍ਰਿਕ ਵਾਹਨ ਦੀ ਖਰੀਦੋ-ਫਰੋਖਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।



ਇਸ ਤਹਿਤ ਸ਼ਹਿਰ ਵਿੱਚ ਪਹਿਲੇ 23 ਚਾਰਜਿੰਗ ਸਟੇਸ਼ਨ ਜੂਨ 2023 ਦੇ ਅਖੀਰ ਤੱਕ ਸ਼ੁਰੂ ਹੋ ਜਾਣਗੇ।



ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।



ਯੂਟੀ ਪ੍ਰਸ਼ਾਸਨ ਨੇ 20 ਸਤੰਬਰ ਨੂੰ ਆਪਣੀ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਨੋਟੀਫਾਈ ਕੀਤਾ ਸੀ, ਜਿਸ ਤਹਿਤ ਚੰਡੀਗੜ੍ਹ ਨੂੰ ਇਕ ‘ਮਾਡਲ ਈਵੀ ਸਿਟੀ’ ਬਣਾਉਣ ਦੇ ਉਦੇਸ਼ ਨਾਲ ਜ਼ੀਰੋ-ਐਮਿਸ਼ਨ ਵਾਹਨਾਂ ਦੀ ਸਭ ਤੋਂ ਵੱਧ ਪ੍ਰਵੇਸ਼ ਪ੍ਰਾਪਤੀ ਕੀਤੀ ਗਈ ਸੀ।



ਕੇਂਦਰ ਨੇ ਹਾਈਬ੍ਰਿਡ ਐਂਡ ਇਲੈਕਟ੍ਰਿਕ ਵਹੀਕਲ (ਫੇਮ) ਇੰਡੀਆ ਸਕੀਮ ਅਧੀਨ ਚੰਡੀਗੜ੍ਹ ’ਚ 48 ਚਾਰਜਿੰਗ ਸਟੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਸੀ।



ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਚਲਾਉਣ ਵਾਲਿਆਂ ਦੀ ਸਹੂਲਤ ਲਈ ਚਾਰਜਿੰਗ ਸਟੇਸ਼ਨਾਂ ਬਾਰੇ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮੋਬਾਈਲ ਐਪ ਤਿਆਰ ਕੀਤੀ ਜਾਵੇਗੀ।



ਜਿਸ ਵਿੱਚ ਵਾਹਨ ਚਾਰਜ ਕਰਨ ਲਈ ਟਾਈਮ ਸਲੌਟ, ਸਟੇਸ਼ਨ ਦੀ ਕਿਸਮ, ਲੋਡ, ਸਥਾਨ ਅਤੇ ਟੈਰਿਫ ਬਾਰੇ ਅਪਡੇਟ ਕੀਤਾ ਜਾਵੇਗਾ।