ਪਨੀਰ ਜੋ ਭਾਰਤੀ ਰਸੋਈ ਦਾ ਅਹਿਮ ਹਿੱਸਾ ਹੈ, ਹੁਣ ਮਿਲਾਵਟ ਦਾ ਸ਼ਿਕਾਰ ਹੋ ਰਿਹਾ ਹੈ।

ਬਾਜ਼ਾਰਾਂ 'ਚ ਨਕਲੀ ਪਨੀਰ ਦੀ ਵਿਕਰੀ ਵਧ ਰਹੀ ਹੈ, ਜਿਸ ਨਾਲ ਸਿਹਤ ਲਈ ਖਤਰਾ ਬਣ ਗਿਆ ਹੈ। ਮਾਹਿਰ ਕਹਿੰਦੇ ਹਨ ਕਿ ਇਹ ਪਨੀਰ ਸਵਾਦ ਖਰਾਬ ਕਰਨ ਦੇ ਨਾਲ ਸਰੀਰ ਲਈ ਹਾਨੀਕਾਰਕ ਰਸਾਇਣ ਵੀ ਰੱਖ ਸਕਦਾ ਹੈ।

ਤਿਉਹਾਰਾਂ ਦੇ ਚੱਲਦੇ ਹੈਲਥ ਵਿਭਾਗ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਨਕਲੀ ਪਨੀਰ ਕਬਜ਼ 'ਚ ਲੈ ਕੇ ਨਸ਼ਟ ਕੀਤਾ ਗਿਆ।

ਕੁੱਝ ਆਸਾਨ ਘਰੇਲੂ ਤਰੀਕੇ ਨਾਲ ਤੁਸੀਂ ਅਸਲੀ ਤੇ ਨਕਲੀ ਪਨੀਰ ਦੀ ਪਹਿਚਾਣ ਕਰ ਸਕਦੇ ਹੋ।

ਅਸਲੀ ਪਨੀਰ ਨਰਮ ਤੇ ਮੁਲਾਇਮ ਹੁੰਦਾ ਹੈ, ਜਦੋਂਕਿ ਨਕਲੀ ਪਨੀਰ ਚਿਪਚਿਪਾ ਤੇ ਰੱਬੜੀ ਲੱਗਦਾ ਹੈ। ਹੱਥ ਨਾਲ ਮਲਣ ਤੇ ਅਸਲੀ ਪਨੀਰ ਨਰਮ ਰਹਿੰਦਾ ਹੈ।

ਅਸਲੀ ਪਨੀਰ ਵਿੱਚ ਦੁੱਧ ਵਰਗੀ ਹਲਕੀ ਸੁਗੰਧ ਤੇ ਮਿੱਠਾ ਸਵਾਦ ਹੁੰਦਾ ਹੈ। ਜੇ ਪਨੀਰ ਤੋਂ ਤਿੱਖੀ ਜਾਂ ਰਸਾਇਣ ਵਰਗੀ ਗੰਧ ਆਵੇ ਜਾਂ ਸਵਾਦ ਖੱਟਾ ਹੋਵੇ, ਤਾਂ ਉਹ ਨਕਲੀ ਹੋ ਸਕਦਾ ਹੈ।

ਪਨੀਰ ਦਾ ਟੁਕੜਾ ਉਬਾਲ ਕੇ ਠੰਡਾ ਕਰੋ ਤੇ ਉਸ 'ਤੇ ਆਈਓਡਿਨ ਪਾਓ। ਜੇ ਰੰਗ ਨੀਲਾ ਜਾਂ ਕਾਲਾ ਹੋ ਜਾਵੇ, ਤਾਂ ਪਨੀਰ ਵਿੱਚ ਸਟਾਰਚ ਮਿਲਿਆ ਹੋਇਆ ਹੈ। ਅਸਲੀ ਪਨੀਰ ਦਾ ਰੰਗ ਨਹੀਂ ਬਦਲਦਾ।

ਪਨੀਰ ਦਾ ਟੁਕੜਾ ਗਰਮ ਪਾਣੀ ਵਿੱਚ ਪਾਓ। ਅਸਲੀ ਪਨੀਰ ਆਪਣਾ ਆਕਾਰ ਬਰਕਰਾਰ ਰੱਖਦਾ ਹੈ, ਜਦਕਿ ਨਕਲੀ ਪਨੀਰ ਟੁੱਟ ਜਾਂਦਾ ਹੈ ਜਾਂ ਚਿਪਚਿਪਾ ਪਦਾਰਥ ਛੱਡਦਾ ਹੈ।

ਜੇ ਤੁਸੀਂ ਪੈਕ ਕੀਤਾ ਪਨੀਰ ਲੈਂਦੇ ਹੋ, ਤਾਂ ਉਸ 'ਤੇ FSSAI ਮਾਰਕ ਜ਼ਰੂਰ ਦੇਖੋ। ਅਸਲੀ ਪਨੀਰ ਸਿਰਫ਼ ਦੁੱਧ ਤੇ ਨਿੰਬੂ ਰਸ ਜਾਂ ਸਿਰਕੇ ਵਰਗੇ ਕੁਦਰਤੀ ਤੱਤਾਂ ਨਾਲ ਬਣਦਾ ਹੈ।

ਨਕਲੀ ਪਨੀਰ ਵਿੱਚ ਮੌਜੂਦ ਰਸਾਇਣ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ।

ਇਸ ਲਈ ਪਨੀਰ ਖਰੀਦਣ ਵੇਲੇ ਸਾਵਧਾਨ ਰਹੋ ਅਤੇ ਉਪਰੋਕਤ ਤਰੀਕਿਆਂ ਨਾਲ ਉਸ ਦੀ ਗੁਣਵੱਤਾ ਜ਼ਰੂਰ ਚੈੱਕ ਕਰੋ।