ਟੀ-ਬੈਗ ਨਾਲ ਬਣੀ ਚਾਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਟੀ-ਬੈਗ ਨਾਲ ਬਣੀ ਚਾਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਆਟੋਨਾਮਸ ਯੂਨੀਵਰਸਿਟੀ ਆਫ ਬਾਰਸੀਲੋਨਾ ਦੇ ਵਿਗਿਆਨੀਆਂ ਨੇ ਇਸ ਬਾਰੇ ਇਕ ਨਵੇਂ ਅਧਿਐਨ 'ਚ ਚੌਕਾਣ ਵਾਲੇ ਖੁਲਾਸੇ ਕੀਤੇ ਹਨ।



ਖੋਜ ਤੋਂ ਪਤਾ ਲੱਗਾ ਹੈ ਕਿ ਪਾਲੀਮਰ ਆਧਾਰਤ ਟੀ-ਬੈਗ ਗਰਮ ਪਾਣੀ 'ਚ ਪਾਉਣ ਤੋਂ ਬਾਅਦ ਮਾਈਕ੍ਰੋਪਲਾਸਟਿਕ ਤੇ ਨੈਨੋਪਲਾਸਟਿਕ (M. N. P. L) ਦੇ ਲੱਖਾਂ ਕਣ ਛੱਡਦੇ ਹਨ। ਅਧਿਐਨ ਦੇ ਨਤੀਜੇ ਜਰਨਲ ‘ਕੈਮੋਸਫੀਅਰ’ ’ਚ ਪ੍ਰਕਾਸ਼ਿਤ ਕੀਤੇ ਗਏ ਹਨ।

ਅਧਿਐਨ ’ਚ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਟੀ-ਬੈਗ ਵੱਲੋਂ ਛੱਡੇ ਗਏ ਪਲਾਸਟਿਕ ਦੇ ਇਹ ਬਾਰੀਕ ਕਣ ਸਾਡੀਆਂ ਅੰਤੜੀਆਂ ਦੀਆਂ ਕੋਸ਼ਿਕਾਵਾਂ ਵੱਲੋਂ ਸੋਖੇ ਜਾ ਸਕਦੇ ਹਨ ਜਿੱਥੋਂ ਇਹ ਖੂਨ 'ਚ ਦਾਖਲ ਹੋਣ ਪਿੱਛੋਂ ਪੂਰੇ ਸਰੀਰ ਵਿਚ ਫੈਲ ਸਕਦੇ ਹਨ।

ਰਿਪੋਰਟ ਮੁਤਾਬਕ ਪਲਾਸਟਿਕ ਦੇ ਇਹ ਟੀ-ਬੈਗ ਆਮ ਤੌਰ ’ਤੇ ਨਾਇਲਨ-6, ਪਾਲੀਪ੍ਰੋਪਾਈਲੀਨ ਤੇ ਸੈਲੂਲੋਜ਼ ਵਰਗੀਆਂ ਚੀਜ਼ਾਂ ਨਾਲ ਬਣੇ ਹੁੰਦੇ ਹਨ।



ਵਿਗਿਆਨੀਆਂ ਨੇ ਵੱਖ-ਵੱਖ ਕਿਸਮਾਂ ਦੇ ਟੀ-ਬੈਗਜ਼ ’ਚ ਮੌਜੂਦ ਪਲਾਸਟਿਕ ਦੇ ਇਨ੍ਹਾਂ ਬਾਰੀਕ ਕਣਾਂ ਦਾ ਅਧਿਐਨ ਕਰ ਕੇ ਇਨ੍ਹਾਂ ਦੀ ਪਛਾਣ ਕੀਤੀ ਹੈ।



ਅਧਿਐਨ ’ਚ ਖੋਜੀਆਂ ਨੇ ਵੇਖਿਆ ਕਿ ਜਦੋਂ ਇਨ੍ਹਾਂ ਟੀ-ਬੈਗਜ਼ ਨੂੰ ਗਰਮ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਇਨ੍ਹਾਂ ਵਿਚੋਂ ਵੱਡੀ ਮਾਤਰਾ ’ਚ ਪਲਾਸਟਕ ਦੇ ਬਾਰੀਕ ਕਣ ਨਿਕਲਦੇ ਹਨ, ਜੋ ਸਾਡੇ ਸਰੀਰ ’ਚ ਦਾਖਲ ਹੋ ਸਕਦੇ ਹਨ।



ਇਸ ਖੋਜ ਵਿਚ ਜਿਨ੍ਹਾਂ ਟੀ-ਬੈਗਜ਼ ਦਾ ਅਧਿਐਨ ਕੀਤਾ ਗਿਆ, ਉਹ ਨਾਇਲਨ-6, ਪਾਲੀਪ੍ਰੋਪਾਈਲੀਨ ਤੇ ਸੈਲਿਊਲੋਜ਼ ਨਾਲ ਬਣੇ ਸਨ।



ਖੋਜ ਦੇ ਜਿਹੜੇ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਾਲੀਪ੍ਰੋਪਾਈਲੀਨ ਨਾਲ ਬਣੇ ਟੀ-ਬੈਗ ਪ੍ਰਤੀ ਮਿਲੀਲੀਟਰ 120 ਕਰੋੜ ਕਣ ਕੱਢਦੇ ਹਨ। ਇਨ੍ਹਾਂ ਕਣਾਂ ਦਾ ਔਸਤ ਆਕਾਰ ਲੱਗਭਗ 137 ਨੈਨੋਮੀਟਰ ਹੁੰਦਾ ਹੈ।

ਸੈਲਿਊਲੋਜ਼ ਨਾਲ ਬਣੇ ਟੀ-ਬੈਗ ’ਚੋਂ ਪ੍ਰਤੀ ਮਿਲੀਲੀਟਰ 13.5 ਕਰੋੜ ਕਣ ਨਿਕਲਦੇ ਹਨ, ਜਿਨ੍ਹਾਂ ਦਾ ਔਸਤ ਆਕਾਰ 244 ਨੈਨੋਮੀਟਰ ਹੁੰਦਾ ਹੈ।



ਨਾਇਲਨ-6 ਨਾਲ ਬਣੇ ਟੀ-ਬੈਗਜ਼ ਨੇ ਪ੍ਰਤੀ ਮਿਲੀਲੀਟਰ 81.8 ਲੱਖ ਕਣ ਛੱਡੇ, ਜੋ ਆਕਾਰ ’ਚ ਔਸਤਨ 138 ਨੈਨੋਮੀਟਰ ਦੇ ਸਨ।