ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਛਾਤੀ ਦਾ ਕੈਂਸਰ ਯਾਨੀਕਿ Breast Cancer ਦੇ ਨਾਲ ਜੂਝ ਰਹੀ ਹੈ। ਹਿਨਾ ਖਾਨ ਦਾ ਕੈਂਸਰ ਤੀਜੇ ਪੜਾਅ 'ਤੇ ਹੈ ਅਤੇ ਉਸ ਦਾ ਇਲਾਜ ਸ਼ੁਰੂ ਹੋ ਗਿਆ ਹੈ। ਦੱਸ ਦਈਏ ਇੰਨ੍ਹੀਂ ਦਿਨੀਂ ਹਿਨਾ ਖਾਨ ਜੋ ਕਿ ਆਪਣੀ ਡੈਬਿਊ ਪੰਜਾਬੀ ਫ਼ਿਲਮ ਨੂੰ ਲੈ ਕੇ ਚਰਚਾ ਦੇ ਵਿੱਚ ਹੈ। ਹਾਲ ਦੇ ਵਿੱਚ ਉਹ ਗਿੱਪੀ ਗਰੇਵਾਲ ਦੇ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਅੱਜ ਹਿਨਾ ਖਾਨ ਨੇ ਹੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣਾ ਦੁੱਖ ਸਾਂਝਾ ਕੀਤਾ ਹੈ। ਹਿਨਾ ਨੇ ਪੋਸਟ ਕੀਤਾ ਅਤੇ ਲਿਖਿਆ- 'ਮੈਂ ਸਾਰੀਆਂ ਅਫਵਾਹਾਂ ਨੂੰ ਦੂਰ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਮੈਨੂੰ ਪਿਆਰ ਕਰਨ ਵਾਲੇ ਅਤੇ ਮੇਰੀ ਦੇਖਭਾਲ ਕਰਨ ਵਾਲਿਆਂ ਨੂੰ ਕੁਝ ਮਹੱਤਵਪੂਰਨ ਖਬਰਾਂ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸਟੇਜ 3 ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ। ਇਸ ਚੁਣੌਤੀਪੂਰਨ ਬਿਮਾਰੀ ਦੇ ਬਾਵਜੂਦ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਮੈਂ ਮਜ਼ਬੂਤ, ਦ੍ਰਿੜ ਅਤੇ ਇਸ ਬਿਮਾਰੀ ਨਾਲ ਲੜਨ ਲਈ ਤਿਆਰ ਹਾਂ। ਮੇਰਾ ਇਲਾਜ ਸ਼ੁਰੂ ਹੋ ਗਿਆ ਹੈ। ਮੈਂ ਇਸ ਨਾਲ ਲੜਨ ਲਈ ਜੋ ਵੀ ਜ਼ਰੂਰੀ ਹੈ, ਕਰਨ ਲਈ ਤਿਆਰ ਹਾਂ। ਹਿਨਾ ਨੇ ਅੱਗੇ ਲਿਖਿਆ- 'ਮੈਂ ਇਸ ਸਮੇਂ ਦੌਰਾਨ ਆਪਣੇ ਪ੍ਰਸ਼ੰਸਕਾਂ ਤੋਂ ਨਿੱਜਤਾ ਅਤੇ ਸਨਮਾਨ ਦੀ ਬੇਨਤੀ ਕਰ ਰਹੀ ਹਾਂ। ਮੈਂ ਤੁਹਾਡੇ ਪਿਆਰ ਦੀ ਕਦਰ ਕਰਦੀ ਹਾਂ। ਅਦਾਕਾਰਾ ਨੇ ਅੱਗੇ ਕਿਹਾ ਹੈ- ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸਕਾਰਾਤਮਕ ਹਾਂ। ਸਾਨੂੰ ਉਮੀਦ ਹੈ ਕਿ ਮੈਂ ਇਸ ਤੋਂ ਬਾਹਰ ਆ ਜਾਵਾਂਗੀ। ਮੈਨੂੰ ਉਮੀਦ ਹੈ ਕਿ ਮੈਂ ਇਸ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਵਾਂਗੀ। ਕਿਰਪਾ ਕਰਕੇ ਆਪਣਾ ਪਿਆਰ ਅਤੇ ਪ੍ਰਾਰਥਨਾਵਾਂ ਭੇਜੋ। ਇਸ ਪੋਸਟ ਉੱਤੇ ਕਲਾਕਾਰ ਅਤੇ ਫੈਨਜ਼ ਨੇ ਕਮੈਂਟ ਕਰਕੇ ਹਿਨਾ ਦੇ ਜਲਦੀ ਠੀਕ ਹੋਣ ਦੇ ਲਈ ਦੁਆ ਕੀਤੀ।